ਮੈੱਲਬਰਨ : ਵੈਸਟਰਨ ਆਸਟ੍ਰੇਲੀਆ (WA) ਦੇ MP Jags Krishnan ਅਮਰੀਕਾ ’ਚ 1 ਮਿਲੀਅਨ ਡਾਲਰ ਦੇ ਕਰਜ਼ੇ ਦੇ ਮਾਮਲੇ ’ਚ ਮੁਕੱਦਮਾ ਦਰਜ ਹੋਣ ਤੋਂ ਬਾਅਦ ਆਪਣੇ ਕਾਰੋਬਾਰੀ ਲੈਣ-ਦੇਣ ਨੂੰ ਲੈ ਕੇ ਵਿਵਾਦਾਂ ’ਚ ਹਨ। ਬੀਤੇ ਦਿਨ ਜਦੋਂ ਉਹ Parliament House ਵਿੱਚ ਦਾਖਲ ਹੋ ਰਹੇ ਸਨ, ਤਾਂ ਉਨ੍ਹਾਂ ਦੇ ਸਾਥੀ Labor MPs,Terry Healy, David Scaife ਅਤੇ Pierre Yang ਨੇ ਪੱਤਰਕਾਰਾਂ ਦੇ ਸਵਾਲਾਂ ਤੋਂ ਉਹਨਾਂ ਨੂੰ ਬਚਾਉਣ ਲਈ ਘੇਰਾ ਪਾ ਲਿਆ ਅਤੇ ਮੀਡੀਆ ਨਾਲ ਤਿੱਖੀ ਬਹਿਸ ਕੀਤੀ, ਜਿਸ ਤੋਂ ਬਾਅਦ ਅਗਲੇ ਦਿਨ ਸੰਸਦ ਦੇ ਬਾਹਰ ਰੱਸੀਆਂ ਦੇ ਬੈਰੀਕੇਡ ਵੀ ਲਗਾ ਦਿੱਤੇ ਗਏ।
ਅਮਰੀਕਾ ’ਚ ਬਕਾਇਆ ਕਰਜ਼ੇ ਨੂੰ ਲੈ ਕੇ ਮੁਕੱਦਮਾ ਦਰਜ ਹੋਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ, Dr Krishnan ਦੇ ਕਾਰੋਬਾਰੀ ਲੈਣ-ਦੇਣ ਅਤੇ ਸੰਸਦ ਨੂੰ ਦਿੱਤੀ ਗਈ ਜਾਣਕਾਰੀ ਜਾਂਚ ਦੇ ਘੇਰੇ ਵਿੱਚ ਹਨ, ਅਤੇ ਪੱਤਰਕਾਰ ਇਸ ਬਾਰੇ ਉਨ੍ਹਾਂ ਤੋਂ ਸਵਾਲ ਪੁੱਛਣ ਦੀ ਕੋਸ਼ਿਸ਼ ਕਰ ਰਹੇ ਸਨ।
ਹਾਲਾਂਕਿ ਵੈਸਟਰਨ ਆਸਟ੍ਰੇਲੀਆ (WA) ਦੇ ਪ੍ਰੀਮੀਅਰ Roger Cook ਨੇ ਉਨ੍ਹਾਂ Labor MPs ਨੂੰ ਫਟਕਾਰ ਲਗਾਈ ਹੈ, ਜਿਨ੍ਹਾਂ ਨੇ ਸੰਸਦ ਦੇ ਬਾਹਰ ਆਪਣੇ ਸਾਥੀ Jags Krishnan ਨੂੰ ਪੱਤਰਕਾਰਾਂ ਦੇ ਸਵਾਲਾਂ ਤੋਂ ਬਚਾਉਣ ਲਈ ਘੇਰਾ ਪਾ ਲਿਆ ਸੀ। Roger Cook ਨੇ ਇਸ ਘਟਨਾ ਨੂੰ “ਅਣਉਚਿਤ” ਦੱਸਦਿਆਂ ਸਾਰੇ ਸੰਸਦ ਮੈਂਬਰਾਂ ਨੂੰ ਇੱਕ-ਦੂਜੇ ਅਤੇ ਮੀਡੀਆ ਪ੍ਰਤੀ ਸਤਿਕਾਰ ਦਿਖਾਉਣ ਦੀ ਅਪੀਲ ਕੀਤੀ ਹੈ।
Cockburn ਤੋਂ MP David Scaife ਨੇ ਪੱਤਰਕਾਰਾਂ ਨਾਲ ਤਿੱਖੀ ਬਹਿਸ ਕੀਤੀ, ਪਰ ਬਾਅਦ ’ਚ ਸੰਸਦ ਅੰਦਰ ਆਪਣੇ ਸ਼ਬਦਾਂ ਲਈ ਮੁਆਫ਼ੀ ਮੰਗ ਲਈ। ਸੰਸਦ ਦੇ ਅੰਦਰ ਵਿਰੋਧੀ ਧਿਰ ਦੇ ਨੇਤਾ Basil Zempilas ਨੇ Jags Krishnan ਦੇ ਕਾਰੋਬਾਰੀ ਮਾਮਲਿਆਂ ਨੂੰ ਸੰਸਦੀ ਕਮੇਟੀ ਕੋਲ ਭੇਜਣ ਦਾ ਮਤਾ ਪੇਸ਼ ਕੀਤਾ, ਜੋ ਸਰਕਾਰ ਦੇ ਬਹੁਮਤ ਕਾਰਨ ਰੱਦ ਹੋ ਗਿਆ। Jags Krishnan ਨੇ ਸਦਨ ’ਚ ਸਪੱਸ਼ਟ ਕੀਤਾ ਕਿ ਉਹ ਆਪਣੇ ਮੈਡੀਕਲ ਕਲੀਨਿਕਾਂ ਦੀ ਹਿੱਸੇਦਾਰੀ ਵੇਚਣ ਦੇ ਆਖਰੀ ਪੜਾਅ ’ਚ ਹਨ ਅਤੇ ਸਾਰੇ ਬਕਾਇਆ ਮਾਮਲੇ ਜਲਦ ਹੱਲ ਹੋ ਜਾਣਗੇ। ਉਪ ਪ੍ਰੀਮੀਅਰ Rita Saffioti ਨੇ ਵੀ ਉਹਨਾਂ ਦਾ ਬਚਾਅ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਕੋਲ ਕਿਸੇ ਵੀ ਗਲਤ ਕੰਮ ਦਾ ਕੋਈ ਸਬੂਤ ਨਹੀਂ ਹੈ।
