- Michele Bullock ਨੂੰ ਮਿਲੀ 1.22 ਮਿਲੀਅਨ ਡਾਲਰ ਦੀ ਸੈਲਰੀ
- ਦੂਜੇ ਪਾਸੇ ਵਰਕਰ ਸੈਲਰੀ ’ਚ ਕਟੌਤੀ ਖਿਲਾਫ ਲੜ ਰਹੇ ਹਨ ਜੰਗ
ਸਿਡਨੀ: ਆਸਟ੍ਰੇਲੀਆ ਦੇ ਕੇਂਦਰੀ ਬੈਂਕ, Reserve Bank of Australia (RBA) ਦੀ 2026 ਦੀ ਸਾਲਾਨਾ ਰਿਪੋਰਟ ਨੇ ਇੱਕ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਰਿਪੋਰਟ ਅਨੁਸਾਰ, RBA ਦੀ ਗਵਰਨਰ Michele Bullock ਨੂੰ 2025-26 ਦੌਰਾਨ ਕੁੱਲ 1.22 ਮਿਲੀਅਨ ਡਾਲਰ ਦਾ ਮਿਹਨਤਾਨਾ ਮਿਲਿਆ ਹੈ, ਜਿਸ ’ਚ 1.01 ਮਿਲੀਅਨ ਡਾਲਰ ਦੀ ਬੇਸਿਕ ਪੇਅ ਸ਼ਾਮਲ ਹੈ। ਇਸ ਤੋਂ ਇਲਾਵਾ, ਡਿਪਟੀ ਗਵਰਨਰ Andrew Hauser ਨੂੰ 955,033 ਡਾਲਰ ਮਿਲੇ ਹਨ, ਜਦਕਿ ਆਸਟ੍ਰੇਲੀਆ ’ਚ ਇੱਕ ਆਮ ਵਰਕਰ ਦੀ ਔਸਤ ਸਾਲਾਨਾ ਕਮਾਈ ਸਿਰਫ਼ 74,672 ਡਾਲਰ ਹੈ। ਦੂਜੇ ਪਾਸੇ, NBN Co ਦੀ CEO Ellie Sweeney 3.4 ਮਿਲੀਅਨ ਡਾਲਰ ਸੈਲਰੀ ਨਾਲ ਦੇਸ਼ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਸਰਕਾਰੀ ਅਫ਼ਸਰ ਬਣੀ ਹੈ।
ਇੱਕ ਪਾਸੇ ਜਿੱਥੇ ਉੱਚ ਅਧਿਕਾਰੀ ਲੱਖਾਂ ਡਾਲਰ ਕਮਾ ਰਹੇ ਹਨ, ਉੱਥੇ ਹੀ RBA ਦੇ ਜੂਨੀਅਰ ਵਰਕਰ ਮਹਿੰਗਾਈ ਦੇ ਹਿਸਾਬ ਨਾਲ ਤਨਖਾਹ ਵਧਾਉਣ ਲਈ ਸੰਘਰਸ਼ ਕਰ ਰਹੇ ਹਨ। Finance Sector Union ਅਨੁਸਾਰ, ਕਰਮਚਾਰੀ ਤਿੰਨ ਸਾਲਾਂ ’ਚ 11 ਫੀਸਦੀ ਤਨਖਾਹ ਵਾਧੇ ਅਤੇ ਮਹਿੰਗਾਈ ਤੋਂ ਸੁਰੱਖਿਆ ਦੀ ਮੰਗ ਕਰ ਰਹੇ ਹਨ, ਪਰ RBA ਪ੍ਰਬੰਧਨ ਸਿਰਫ਼ 9.5 ਫੀਸਦੀ ਵਾਧੇ ਦੀ ਪੇਸ਼ਕਸ਼ ਕਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਫਰਵਰੀ ’ਚ ਜਿਸ ਦਿਨ RBA ਨੇ ਵਿਆਜ ਰੇਟ ਵਧਾਏ ਸਨ, ਉਸੇ ਦਿਨ Michele Bullock ਨੇ Yamba ’ਚ 2 ਮਿਲੀਅਨ ਡਾਲਰ ਦਾ ਆਪਣਾ ਤੀਜਾ ਨਿਵੇਸ਼ ਘਰ ਖਰੀਦਿਆ ਸੀ, ਜਿਸ ਕਾਰਨ ਉਹ ਕਾਫੀ ਚਰਚਾ ’ਚ ਰਹੀ। ਹਾਲਾਂਕਿ Michele Bullock ਨੇ ਮੰਨਿਆ ਹੈ ਕਿ ਮਹਿੰਗਾਈ ਕਾਰਨ ਆਮ ਲੋਕ ਪ੍ਰੇਸ਼ਾਨ ਹਨ, ਪਰ ਉਨ੍ਹਾਂ ਸਪੱਸ਼ਟ ਕੀਤਾ ਕਿ productivity ਵਧੇ ਬਿਨਾਂ ਸੈਲਰੀ ’ਚ ਅਸਲ ਵਾਧਾ ਸੰਭਵ ਨਹੀਂ ਹੈ।
ਆਰਥਿਕ ਮੋਰਚੇ ’ਤੇ, ਦੇਸ਼ ’ਚ ਬੇਰੁਜ਼ਗਾਰੀ ਰੇਟ ਵਧ ਕੇ 4.7 ਫੀਸਦੀ ਹੋ ਗਈ ਹੈ। Michele Bullock ਦਾ ਕਹਿਣਾ ਹੈ ਕਿ ਮਹਿੰਗਾਈ ਨੂੰ ਪੂਰੀ ਤਰ੍ਹਾਂ ਕਾਬੂ ਕਰਨ ਲਈ ਬੇਰੁਜ਼ਗਾਰੀ ਦਰ 4.5 ਤੋਂ 5 ਫੀਸਦੀ ਦੇ ਵਿਚਕਾਰ ਰਹਿਣ ਦੀ ਲੋੜ ਹੈ। ਇਸ ਦੌਰਾਨ, RBA ਨੂੰ 11.3 ਬਿਲੀਅਨ ਡਾਲਰ ਦੇ ‘ਨੈਗੇਟਿਵ ਇਕੁਇਟੀ’ (ਘਾਟੇ) ਦਾ ਵੀ ਸਾਹਮਣਾ ਕਰਨਾ ਪਿਆ ਹੈ।
