ਮੈੱਲਬਰਨ : ਆਸਟ੍ਰੇਲੀਆ ਦੇ ਪ੍ਰਮੁੱਖ ਸੁਪਰਮਾਰਕੀਟਸ Coles ਅਤੇ Woolworths ਵੱਲੋਂ ਆਪਣੀ ਸਪਲਾਈ ਚੇਨ (supply chain) ਨੂੰ ਕੇਂਦਰਿਤ ਅਤੇ ਸੌਖਾ ਕਰਨ ਦੀਆਂ ਕੋਸ਼ਿਸ਼ਾਂ ਨੇ ਛੋਟੇ ਕਿਸਾਨਾਂ ਲਈ ਵੱਡਾ ਸੰਕਟ ਖੜ੍ਹਾ ਕਰ ਦਿੱਤਾ ਹੈ। ਇੱਕ ਤਾਜ਼ਾ ਰਿਪੋਰਟ ਅਨੁਸਾਰ, ਇਹ ਕਦਮ ਦੇਸ਼ ਭਰ ਵਿੱਚ ਛੋਟੇ ਅਤੇ ਪਰਿਵਾਰਕ ਖੇਤੀਬਾੜੀ ਕਾਰੋਬਾਰਾਂ ਦੇ ਅੰਤ ਦਾ ਸੰਕੇਤ ਹੋ ਸਕਦਾ ਹੈ।
ਦੋਹਾਂ ਸੁਪਰਮਾਰਕੀਟਾਂ ਦੇ ਫ਼ੈਸਲੇ ਕਾਰਨ ਆਸਟ੍ਰੇਲੀਆ ’ਚ ਪੰਜਾਬੀ ਕਿਸਾਨ ਬਹੁਤ ਨਿਰਾਸ਼ ਹਨ। ABC News ਨਾਲ ਇਸ ਬਾਰੇ ਗੱਲ ਕਰਦਿਆਂ New South Wales ਦੇ ਇੱਕ ਛੋਟੇ ਪੱਧਰ ਦੇ ਕੇਲਾ ਉਤਪਾਦਕ ਅੰਮ੍ਰਿਤ ਸਿੰਘ, ਜੋ ਪਿਛਲੇ 30 ਸਾਲਾਂ ਤੋਂ Coles ਨੂੰ ਆਪਣੇ ਕੇਲੇ ਸਪਲਾਈ ਕਰ ਰਹੇ ਸਨ, ਦਾ ਕਰਾਰ ਸੁਪਰਮਾਰਕੀਟ ਵੱਲੋਂ ਅਚਾਨਕ ਖਤਮ ਕਰ ਦਿੱਤਾ ਗਿਆ ਹੈ। ਅੰਮ੍ਰਿਤ ਸਿੰਘ ਦਾ ਕਹਿਣਾ ਹੈ ਕਿ ਜਦੋਂ ਵੱਡੇ ਸੁਪਰਮਾਰਕੀਟਸ middlemen ਰਾਹੀਂ ਵਪਾਰ ਕਰਦੇ ਹਨ, ਤਾਂ ਛੋਟੇ ਕਿਸਾਨਾਂ ਕੋਲ ਕੀਮਤ ਤੈਅ ਕਰਨ ਦੀ ਕੋਈ ਤਾਕਤ ਨਹੀਂ ਰਹਿੰਦੀ। ਉਨ੍ਹਾਂ ਮੁਤਾਬਕ ਸੁਪਰਮਾਰਕੀਟਾਂ ਦੀਆਂ ਪ੍ਰਮੋਸ਼ਨਾਂ ਅਤੇ ਸਪੈਸ਼ਲ ਡਿਸਕਾਊਂਟਸ ਦਾ ਵਿੱਤੀ ਬੋਝ ਵੀ ਕਿਸਾਨਾਂ ਦੀ ਜੇਬ ’ਤੇ ਹੀ ਪੈਂਦਾ ਹੈ, ਸੁਪਰਮਾਰਕੀਟਾਂ ਦੀ ਆਪਣੀ ਜੇਬ ’ਤੇ ਨਹੀਂ।
ਪੰਜਾਬੀਆਂ ਦੇ ਪਿੰਡ ਵਜੋਂ ਜਾਣੇ ਜਾਂਦੇ NSW ਦਾ ਟਾਊਨ Woolgoolga ਅਤੇ Coffs Harbour ’ਚ ਸੈਂਕੜੇ ਏਕੜਾਂ ਦੇ ਫਾਰਮ ਹਾਊਸਾਂ ’ਚ ਕੇਲੇ, ਬਲੂਬੈਰੀ, ਸਟਰਾਅਬੈਰੀ ਦੀ ਕਾਸ਼ਤ ਕੀਤੀ ਜਾਂਦੀ ਹੈ। ਬੇਆਬਾਦ ਜ਼ਮੀਨ ਨੂੰ ਉਪਜਾਊ ਬਣਾਉਣ ਲਈ ਬਰਤਾਨਵੀ ਰਾਜ ਨੇ ਇੱਥੇ ਲਿਆ ਕੇ ਸਿੱਖਾਂ ਨੂੰ ਵਸਾਇਆ ਸੀ। ਆਸਟ੍ਰੇਲੀਆ ’ਚ ਪੰਜਾਬੀਆਂ ਦੀ ਆਮਦ ਕਰੀਬ 100 ਸਾਲ ਤੋਂ ਪਹਿਲਾਂ ਹੋਈ ਸੀ। ਇੱਥੇ ਹੀ ਮੁਲਕ ਦਾ ਪਹਿਲਾ ਗੁਰਦੁਆਰਾ ਬਣਿਆ।
ਦਰਅਸਲ Woolgoolga ਤੋਂ ਫਲ ਅਤੇ ਸਬਜ਼ੀਆਂ ਖ਼ਰੀਦਣ ਲਈ Coles ਸੁਪਰ ਮਾਰਕੀਟ ਨੇ ਹੁਣ ਇਨਕਾਰ ਕਰ ਦਿੱਤਾ ਹੈ। Coles ਇਸ ਮਹੀਨੇ ਕੇਲੇ, ਖੀਰੇ, ਕੱਦੂ ਆਦਿ ਫਲ ਤੇ ਸਬਜ਼ੀਆਂ ਲੈਣਾ ਬੰਦ ਕਰੇਗਾ, ਜਿਸ ਕਾਰਨ ਸੈਂਕੜੇ ਪਰਿਵਾਰ ਪ੍ਰਭਾਵਿਤ ਹੋਣਗੇ। ਇਸ ਖੇਤਰ ਦੇ ਕੇਲਾ ਕਾਸ਼ਤਕਾਰਾਂ ’ਚ ਪੰਜਾਬੀ ਕਿਸਾਨਾਂ ਦੀ ਵੱਡੀ ਹਿੱਸੇਦਾਰੀ ਹੈ।
NSW Farmers Association ਦੇ Samuel Miller ਦਾ ਮੰਨਣਾ ਹੈ ਕਿ ਸੁਪਰਮਾਰਕੀਟਾਂ ਹੁਣ ਸਿੱਧੇ ਕਿਸਾਨਾਂ ਤੋਂ ਫਸਲ ਖਰੀਦਣ ਦੀ ਬਜਾਏ ਵਿਚੋਲਿਆਂ ਰਾਹੀਂ ਖਰੀਦਦਾਰੀ ਕਰ ਰਹੀਆਂ ਹਨ। ਇਸ ਨਾਲ ਸਾਰਾ ਜੋਖਮ ਸਿੱਧਾ ਛੋਟੇ ਕਿਸਾਨਾਂ ’ਤੇ ਆ ਜਾਂਦਾ ਹੈ। ਦੂਜੇ ਪਾਸੇ, Coles ਅਤੇ Woolworths ਦਾ ਤਰਕ ਹੈ ਕਿ ਸਪਲਾਈ ਚੇਨ ਨੂੰ ਸੁਚਾਰੂ ਬਣਾਉਣ ਨਾਲ ਉਹ ਵੱਧਦੀ ਹੋਈ ਲਾਗਤ ਦੇ ਦਬਾਅ ਨੂੰ ਝੱਲ ਸਕਦੇ ਹਨ, ਜਿਸ ਨਾਲ ਆਮ ਕਸਟਮਰਜ਼ ਲਈ ਗਰੋਸਰੀ ਦੀਆਂ ਕੀਮਤਾਂ ਨੂੰ ਕੰਟਰੋਲ ’ਚ ਰੱਖਣ ਵਿੱਚ ਮਦਦ ਮਿਲਦੀ ਹੈ।
ਕੋਫਸ ਹਾਰਬਰ ਤੋਂ ਪਾਰਲੀਮੈਂਟ ਮੈਂਬਰ ਗੁਰਮੇਸ਼ ਸਿੰਘ ਨੇ ਕਿਸਾਨਾਂ ਦੇ ਹੱਕ ’ਚ ਆਵਾਜ਼ ਉਠਾਈ ਹੈ। ਉਨ੍ਹਾਂ ਸੰਸਦ ’ਚ ਕਿਹਾ ਕਿ ਉਹ ਕਿਸਾਨੀ ਪਰਿਵਾਰ ’ਚ ਪਲੇ ਹਨ ਅਤੇ ਕਿਸਾਨਾਂ ਦੀ ਰੱਖਿਆ ਨੂੰ ਆਪਣੀ ਜ਼ਿੰਮੇਵਾਰੀ ਮੰਨਦੇ ਹਨ। ਉਨ੍ਹਾਂ ਦੇ ਪਰਿਵਾਰ ਦਾ Woolgoolga ਨਾਲ ਖੇਤੀਬਾੜੀ ਰਾਹੀਂ ਲੰਮਾ ਨਾਤਾ ਰਿਹਾ ਹੈ। ‘ਸੇਵ ਕੋਫਸ ਬਨਾਨਾਜ਼’ ਮੁਹਿੰਮ ਲਈ ਹੁਣ ਤੱਕ 17,000 ਤੋਂ ਵੱਧ ਦਸਤਖ਼ਤ ਇਕੱਠੇ ਕੀਤੇ ਜਾ ਚੁੱਕੇ ਹਨ।
ਹਾਲ ਹੀ ਵਿੱਚ, Woolworths ਨੇ ਵੀ Tasmanian ਬੀਫ ਨੂੰ ਆਪਣੀ ਲਿਸਟ ’ਚੋਂ ਹਟਾਉਣ ਦਾ ਐਲਾਨ ਕੀਤਾ ਹੈ। ACCC ਦੀ ਪਿਛਲੇ ਸਾਲ ਦੀ ਜਾਂਚ ਨੇ ਇਹ ਸਪੱਸ਼ਟ ਕੀਤਾ ਸੀ ਕਿ Coles ਅਤੇ Woolworths ਕੋਲ ਸਪਲਾਇਰਾਂ ਨਾਲ ਵਪਾਰ ’ਚ ਬਹੁਤ ਜ਼ਿਆਦਾ ਤਾਕਤ ਹੈ। ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੇਂਦਰੀਕਰਨ ਦੀ ਇਹ ਨੀਤੀ ਇਸੇ ਤਰ੍ਹਾਂ ਜਾਰੀ ਰਹੀ, ਤਾਂ ਆਉਣ ਵਾਲੇ ਸਮੇਂ ਵਿੱਚ ਛੋਟੇ ਕਿਸਾਨਾਂ ਅਤੇ ਉਤਪਾਦਕਾਂ ਦਾ ਬਚਾਅ ਬਹੁਤ ਮੁਸ਼ਕਲ ਹੋ ਜਾਵੇਗਾ।
