ਪਲੰਪਟਨ, ਮੈੱਲਬਰਨ : ਦਲ ਬਾਬਾ ਬਿਧੀ ਚੰਦ ਜੀ ਖ਼ਾਲਸਾ ਛਾਉਣੀ, ਪਲੰਪਟਨ ਵਿਖੇ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਵਾਲਿਆਂ ਦੀ ਪ੍ਰੇਰਨਾ ਅਤੇ ਅਸੀਸਾਂ ਸਦਕਾ, ਬਾਬਾ ਬਿਧੀ ਚੰਦ ਜੀ ਦੇ ਸਚਖੰਡ ਪਿਆਨਾ ਦਿਹਾੜੇ ਨੂੰ ਸਮਰਪਿਤ 18 ਤੋਂ 20 ਸਤੰਬਰ ਤੱਕ ਕਰਵਾਏ ਗਏ ਧਾਰਮਿਕ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਸੰਪੰਨ ਹੋਏ।
20 ਸਤੰਬਰ ਨੂੰ “ਕਥਾ ਕੀਰਤਨ ਸੁਖਦਾਈ ਮਹਾਨ ਗੁਰਮਤਿ ਸਮਾਗਮ” ਦੇ ਸਿਰਲੇਖ ਹੇਠ ਵਿਸ਼ੇਸ਼ ਦੀਵਾਨ ਸਜਾਏ ਗਏ। ਇਸ ਸਮਾਗਮ ਦੌਰਾਨ ਗਿਆਨੀ ਸਰਬਜੀਤ ਸਿੰਘ ਜੀ ਲੁਧਿਆਣੇ ਵਾਲਿਆਂ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸੰਗਤਾਂ ਨੂੰ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਅਤੇ ਸਿੱਖੀ ਸਿਧਾਂਤਾਂ ਨਾਲ ਜੋੜਿਆ। ਇਸ ਤੋਂ ਇਲਾਵਾ ਭਾਈ ਗਗਨਦੀਪ ਸਿੰਘ ਜੀ ਗੰਗਾਨਗਰ ਵਾਲੇ ਅਤੇ ਗਿਆਨੀ ਸੁਖਦੇਵ ਸਿੰਘ ਜੀ ਪਟਨਾ ਸਾਹਿਬ ਵਾਲਿਆਂ ਨੇ ਵੀ ਵੱਖ-ਵੱਖ ਦੀਵਾਨਾਂ ਦੌਰਾਨ ਸੰਗਤਾਂ ਨਾਲ ਗੁਰਬਾਣੀ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ।

ਦੁਪਹਿਰ ਸਮੇਂ ਨਿਸ਼ਾਨਾਂ ਅਤੇ ਨਗਾਰਿਆਂ ਦੀ ਅਗਵਾਈ ਹੇਠ ਮਹੱਲਾ ਸਜਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।
ਸਮਾਗਮ ਵਿੱਚ ਵੱਖ-ਵੱਖ ਖੇਤਰਾਂ ਨਾਲ ਸਬੰਧਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਹਾਜ਼ਰੀ ਭਰੀ। ਇਨ੍ਹਾਂ ’ਚ The Hon Sam Rae MP — Minister for Aged Care and Seniors; Federal Member for Hawke, Ms Ella George MP — Parliamentary Secretary for Mental Health and Suicide Prevention; Member for Lara, ਅਤੇ Mr Uros Rasic — Labor Candidate for Sydenham in the 2026 Victorian State Election ਸ਼ਾਮਲ ਸਨ।

ਹਜ਼ਾਰਾਂ ਦੀ ਗਿਣਤੀ ’ਚ ਦੂਰ-ਦੁਰਾਡੇ ਤੋਂ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਪੂਰੇ ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਸੇਵਾਦਾਰਾਂ ਵੱਲੋਂ ਆਈਆਂ ਸੰਗਤਾਂ ਦੀ ਸਹੂਲਤ ਲਈ ਵੱਖ-ਵੱਖ ਸੇਵਾਵਾਂ ਬੜੇ ਸੁਚੱਜੇ ਢੰਗ ਨਾਲ ਨਿਭਾਈਆਂ ਗਈਆਂ।
ਦਲ ਬਾਬਾ ਬਿਧੀ ਚੰਦ ਜੀ ਖ਼ਾਲਸਾ ਛਾਉਣੀ ਵੱਲੋਂ ਸਮਾਗਮ ਨੂੰ ਸਫਲ ਬਣਾਉਣ ਲਈ ਦੂਰ-ਦੁਰਾਡੇ ਤੋਂ ਪਹੁੰਚੀਆਂ ਸਮੂਹ ਸੰਗਤਾਂ, ਪ੍ਰਚਾਰਕ ਸਿੰਘਾਂ, ਸੇਵਾਦਾਰਾਂ, ਸਹਿਯੋਗੀਆਂ ਅਤੇ ਮੀਡੀਆ ਸਾਥੀਆਂ ਦਾ ਦਿਲੋਂ ਧੰਨਵਾਦ ਕੀਤਾ ਗਿਆ।
