PFDA ਦੀ ਮੀਟਿੰਗ ’ਚ PFDA Bhangra Cup 2026 ਨੂੰ ਦਿੱਤੀਆਂ ਗਈਆਂ ਅੰਤਿਮ ਛੋਹਾਂ

Sea7 Australia Team
3 Min Read

ਮੈੱਲਬਰਨ: ਪੰਜਾਬੀ ਲੋਕ ਨਾਚਾਂ, ਖ਼ਾਸ ਕਰਕੇ ਭੰਗੜੇ ਅਤੇ ਪੰਜਾਬੀ ਸੱਭਿਆਚਾਰ ਨੂੰ ਆਸਟ੍ਰੇਲੀਆ ’ਚ ਪ੍ਰਫੁੱਲਤ ਕਰਨ ਲਈ PFDA ਵੱਲੋਂ ਕਰਵਾਇਆ ਜਾ ਰਿਹਾ PFDA Bhangra Cup 2026 ਹੁਣ ਆਪਣੇ ਆਖਰੀ ਪੜਾਅ ’ਚ ਪਹੁੰਚ ਗਿਆ ਹੈ। ਇਸ ਸਬੰਧੀ PFDA ਦੀ ਇੱਕ ਅਹਿਮ ਮੀਟਿੰਗ ਹੋਈ, ਜਿਸ ’ਚ ਆਉਣ ਵਾਲੇ ਮੁਕਾਬਲੇ ਦੀਆਂ ਤਿਆਰੀਆਂ, ਪ੍ਰਬੰਧਾਂ ਅਤੇ ਵੱਖ-ਵੱਖ ਜ਼ਿੰਮੇਵਾਰੀਆਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਕੱਪ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ।

27 ਸਤੰਬਰ 2026 ਨੂੰ ਮੈੱਲਬਰਨ ਵਿਖੇ ਹੋਣ ਵਾਲਾ ਇਹ ਵੱਡਾ ਪੰਜਾਬੀ ਲੋਕ ਨਾਚ ਮੁਕਾਬਲਾ ਇਸ ਵਾਰ ਹੋਰ ਵੀ ਵਿਸ਼ਾਲ ਪੱਧਰ ’ਤੇ ਕਰਵਾਇਆ ਜਾ ਰਿਹਾ ਹੈ। ਇਸ ਮੁਕਾਬਲੇ ’ਚ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਤੋਂ 11 ਪ੍ਰਮੁੱਖ ਭੰਗੜਾ ਕਲੱਬਾਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਕੁੱਲ ਮਿਲਾ ਕੇ ਲਗਭਗ 40 ਟੀਮਾਂ ਅਤੇ 370 ਦੇ ਕਰੀਬ ਭੰਗੜਚੀ ਇਸ ਮੁਕਾਬਲੇ ਦਾ ਹਿੱਸਾ ਬਣਨਗੇ।

ਇਸ ਵਾਰ ਮੁਕਾਬਲੇ ’ਚ ਬੱਚਿਆਂ ਅਤੇ ਨੌਜਵਾਨਾਂ ਤੋਂ ਲੈ ਕੇ ਓਪਨ ਵਰਗ ਤੱਕ ਵੱਖ-ਵੱਖ ਸ਼੍ਰੇਣੀਆਂ ’ਚ ਟੀਮਾਂ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੀਆਂ। ਭੰਗੜੇ ਦੇ ਨਾਲ-ਨਾਲ ਪੰਜਾਬੀ ਲੋਕ ਨਾਚਾਂ ਅਤੇ ਲੋਕ ਵਿਰਸੇ ਨਾਲ ਜੁੜੀਆਂ ਪੇਸ਼ਕਾਰੀਆਂ ਵੀ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਰਹਿਣਗੀਆਂ।

ਟੀਮਾਂ ਦੀ ਪ੍ਰਤਿਭਾ ਅਤੇ ਪੇਸ਼ਕਾਰੀ ਨੂੰ ਪਰਖਣ ਲਈ ਆਸਟ੍ਰੇਲੀਆ ਅਤੇ ਹੋਰ ਦੇਸ਼ਾਂ ਤੋਂ 10 ਮੰਨੇ-ਪਰਮੰਨੇ ਜੱਜ ਵਿਸ਼ੇਸ਼ ਤੌਰ ’ਤੇ ਮੈੱਲਬਰਨ ਪਹੁੰਚ ਰਹੇ ਹਨ। ਜੱਜਾਂ ਵੱਲੋਂ ਟੀਮਾਂ ਦੀ ਪੇਸ਼ਕਾਰੀ ਨੂੰ ਨਿਰਧਾਰਤ ਮਾਪਦੰਡਾਂ ਅਨੁਸਾਰ ਪਰਖਿਆ ਜਾਵੇਗਾ, ਜਿਸ ਨਾਲ ਮੁਕਾਬਲੇ ਦੀ ਗੁਣਵੱਤਾ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਇਆ ਜਾਵੇਗਾ।

ਇਨ੍ਹਾਂ ਦਿਨਾਂ ’ਚ ਬੱਚਿਆਂ ਦੀਆਂ ਸਕੂਲ ਛੁੱਟੀਆਂ ਹੋਣ ਕਾਰਨ PFDA Bhangra Cup 2026 ਪ੍ਰਤੀ ਬੱਚਿਆਂ, ਮਾਪਿਆਂ ਅਤੇ ਪੰਜਾਬੀ ਭਾਈਚਾਰੇ ’ਚ ਖਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਵੱਖ-ਵੱਖ ਕਲੱਬਾਂ ਦੇ ਕੋਚ ਅਤੇ ਟੀਮਾਂ ਪਿਛਲੇ ਕਈ ਹਫ਼ਤਿਆਂ ਤੋਂ ਆਪਣੀਆਂ ਪੇਸ਼ਕਾਰੀਆਂ ਦੀ ਤਿਆਰੀ ’ਚ ਜੁਟੀਆਂ ਹੋਈਆਂ ਹਨ। ਛੁੱਟੀਆਂ ਦੌਰਾਨ ਵੀ ਬੱਚੇ ਅਤੇ ਨੌਜਵਾਨ ਲਗਾਤਾਰ ਰਿਹਰਸਲ ਕਰ ਰਹੇ ਹਨ ਅਤੇ ਆਪਣੀ ਪੇਸ਼ਕਾਰੀ ਨੂੰ ਬਿਹਤਰ ਬਣਾਉਣ ਲਈ ਪੂਰੀ ਮਿਹਨਤ ਕਰ ਰਹੇ ਹਨ।

PFDA ਦੇ director ਪਲਵਿੰਦਰ ਠੁੱਲ੍ਹੀਵਾਲ ਅਤੇ ਰੋਹਿਤ ਸ਼ਰਮਾ ਵੱਲੋਂ ਦੱਸਿਆ ਗਿਆ ਕਿ ਇਸ ਮੁਕਾਬਲੇ ਦਾ ਮੁੱਖ ਉਦੇਸ਼ ਸਿਰਫ਼ ਮੁਕਾਬਲਾ ਕਰਵਾਉਣਾ ਨਹੀਂ, ਸਗੋਂ ਪੰਜਾਬੀ ਲੋਕ ਨਾਚਾਂ, ਸੱਭਿਆਚਾਰ ਅਤੇ ਵਿਰਸੇ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਅਤੇ ਆਸਟ੍ਰੇਲੀਆ ’ਚ ਇਸ ਨੂੰ ਹੋਰ ਮਜ਼ਬੂਤ ਕਰਨਾ ਹੈ। ਇਸ ਮੰਚ ਰਾਹੀਂ ਬੱਚਿਆਂ ਅਤੇ ਨੌਜਵਾਨਾਂ ਨੂੰ ਆਪਣੀ ਪੰਜਾਬੀ ਪਛਾਣ ਅਤੇ ਲੋਕ ਵਿਰਸੇ ਨਾਲ ਜੁੜਨ ਦਾ ਮੌਕਾ ਮਿਲਦਾ ਹੈ।

PFDA Bhangra Cup 2026 ’ਚ ਵੱਡੀ ਗਿਣਤੀ ’ਚ ਟੀਮਾਂ, ਭੰਗੜਚੀਆਂ, ਕੋਚਾਂ, ਜੱਜਾਂ ਅਤੇ ਦਰਸ਼ਕਾਂ ਦੀ ਸ਼ਮੂਲੀਅਤ ਇਸ ਗੱਲ ਦਾ ਸਬੂਤ ਹੈ ਕਿ ਆਸਟ੍ਰੇਲੀਆ ’ਚ ਪੰਜਾਬੀ ਲੋਕ ਨਾਚਾਂ ਪ੍ਰਤੀ ਦਿਲਚਸਪੀ ਲਗਾਤਾਰ ਵੱਧ ਰਹੀ ਹੈ।

PFDA ਟੀਮ ਵੱਲੋਂ ਮੁਕਾਬਲੇ ਨੂੰ ਸਫਲ ਬਣਾਉਣ ਲਈ ਸਾਰੇ ਕੋਚਾਂ, ਟੀਮਾਂ, ਜੱਜਾਂ, ਸਪਾਂਸਰਾਂ, ਵਲੰਟੀਅਰਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ ਹੈ। 27 ਸਤੰਬਰ ਨੂੰ ਮੈਲਬੌਰਨ ਵਿਖੇ ਹੋਣ ਵਾਲਾ PFDA Bhangra Cup 2026 ਪੰਜਾਬੀ ਲੋਕ ਨਾਚਾਂ, ਨੌਜਵਾਨ ਪ੍ਰਤਿਭਾ ਅਤੇ ਪੰਜਾਬੀ ਸੱਭਿਆਚਾਰ ਦਾ ਇੱਕ ਵੱਡਾ ਜਸ਼ਨ ਬਣਨ ਜਾ ਰਿਹਾ ਹੈ।

PFDA Bhangra Cup 2026

Share This Article
Leave a Comment

Leave a Reply

Your email address will not be published. Required fields are marked *