- ਕੀ ਰੈਂਟਰਸ ਅਤੇ ਮੌਰਗੇਜ ਧਾਰਕਾਂ ਨੂੰ ਸੱਚਮੁਚ ਮਿਲ ਸਕੇਗੀ ਰਾਹਤ?
ਮੈੱਲਬਰਨ : ਆਸਟ੍ਰੇਲੀਆ ’ਚ ਵੱਧ ਰਹੀ ਮਹਿੰਗਾਈ ਦੌਰਾਨ One Nation ਦੀ ਆਗੂ Pauline Hanson ਨੇ ਸੁਪਰਐਨੂਏਸ਼ਨ (Superannuation) ਨੂੰ ਲੈ ਕੇ ਇੱਕ ਵੱਡਾ ਨੀਤੀਗਤ ਐਲਾਨ ਕੀਤਾ ਹੈ। ਇਸ ਪ੍ਰਸਤਾਵ ਤਹਿਤ ਮੌਰਗੇਜ ਧਾਰਕਾਂ ਅਤੇ ਰੈਂਟਰਸ ਨੂੰ ਅਗਲੇ ਤਿੰਨ ਸਾਲਾਂ ਲਈ ਆਪਣੇ ਭਵਿੱਖੀ ਸੁਪਰ ਯੋਗਦਾਨ ਦਾ ਚੌਥਾ ਹਿੱਸਾ (25%) ਆਪਣੀ ਤਨਖਾਹ ਵਜੋਂ ਸਿੱਧਾ ਨਕਦ ਲੈਣ ਦਾ ਵਿਕਲਪ ਮਿਲੇਗਾ।
ਇਸ ਐਲਾਨ ਨਾਲ ਇੱਕ ਵਾਰ ਫਿਰ, One Nation ਸਭ ਤੋਂ ਅੱਗੇ ਨਿਕਲ ਗਈ ਹੈ ਅਤੇ ਖ਼ਾਸ ਤੌਰ ’ਤੇ Liberals ਨੂੰ ਪਿੱਛੇ ਛੱਡ ਦਿੱਤਾ ਹੈ। ਤੰਬਾਕੂ ਐਕਸਾਈਜ਼ ਨੀਤੀ (tobacco excise policy) ’ਤੇ ਵੀ Coalition ਨੂੰ ਪਛਾੜ ਦਿੱਤਾ ਗਿਆ ਸੀ। ਹੁਣ Liberals ਨੂੰ ਇਹ ਸਾਬਤ ਕਰਨ ਲਈ ਬਹਿਸ ਕਰਨੀ ਪੈ ਰਹੀ ਹੈ ਕਿ ਲੋਕਾਂ ਦੇ ਰਹਿਣ-ਸਹਿਣ ਦੇ ਖਰਚਿਆਂ (cost of living) ’ਚ ਮਦਦ ਕਰਨ ਲਈ Hanson ਦਾ ਸੁਝਾਅ ਕਿਉਂ ਨੁਕਸਦਾਇਕ ਹੈ।
One Nation ਯੋਜਨਾ ਅਧੀਨ ਜੇਕਰ ਉਸ ਨੂੰ ਸੱਤਾ ਮਿਲੀ ਤਾਂ ਇੰਪਲੋਇਅਰ ਪੂਰਾ 12% ਯੋਗਦਾਨ ਜਮ੍ਹਾ ਕਰਵਾਉਂਦੇ ਰਹਿਣਗੇ, ਪਰ ਵਰਕਰ ਇਸ ’ਚੋਂ ਇੱਕ ਚੌਥਾਈ ਹਿੱਸਾ ਸਿੱਧਾ ਆਪਣੇ ਖਾਤੇ ’ਚ ਪ੍ਰਾਪਤ ਕਰ ਸਕਣਗੇ। Pauline Hanson ਅਨੁਸਾਰ ਇਸ ਰਕਮ ’ਤੇ ਸਿਰਫ਼ 15% ਰਿਆਇਤੀ ਟੈਕਸ ਲੱਗੇਗਾ। ਉਦਾਹਰਨ ਵਜੋਂ, 90,500 ਡਾਲਰ ਸਾਲਾਨਾ ਕਮਾਉਣ ਵਾਲੇ ਪੂਰੇ ਸਮੇਂ ਦੇ ਵਰਕਰ ਨੂੰ ਹਰ ਸਾਲ ਲਗਭਗ 2,300 ਡਾਲਰ (ਕਰੀਬ 44 ਡਾਲਰ ਪ੍ਰਤੀ ਹਫ਼ਤਾ) ਦਾ ਵਾਧੂ ਲਾਭ ਹੋਵੇਗਾ। ਇਹ ਨਿਯਮ ਇਨਵੈਸਟਰਮੈਂਟ ਪ੍ਰਾਪਰਟੀਜ਼ ਜਾਂ ਪਿਛਲੇ ਸੁਪਰ ਫੰਡਾਂ ’ਤੇ ਲਾਗੂ ਨਹੀਂ ਹੋਵੇਗਾ।

ਇਸ ਕਦਮ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ। ਟਰੈਜ਼ਰਰ Jim Chalmers ਨੇ ਇਸ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਮਜ਼ਦੂਰਾਂ ਦੇ ਰਿਟਾਇਰਮੈਂਟ ਫੰਡਾਂ ਨੂੰ ਵੱਡਾ ਨੁਕਸਾਨ ਪਹੁੰਚਾਏਗਾ। The Association of Superannuation Funds of Australia ਨੇ ਚੇਤਾਵਨੀ ਦਿੱਤੀ ਕਿ ਇਸ ਨਾਲ ਮਹਿੰਗਾਈ ਵਧੇਗੀ ਅਤੇ ਲੋਕ ਰਿਟਾਇਰਮੈਂਟ ਵੇਲੇ ਗਰੀਬ ਹੋਣਗੇ।
ਦੂਜੇ ਪਾਸੇ, One Nation ਦੇ ਬੁਲਾਰੇ Barnaby Joyce ਨੇ ਦਾਅਵਾ ਕੀਤਾ ਕਿ ਇਸ ਨਾਲ ਮਹਿੰਗਾਈ ’ਤੇ ਕੋਈ ਅਸਰ ਨਹੀਂ ਪਵੇਗਾ। Liberal MP Andrew Bragg ਅਤੇ ਸੁਤੰਤਰ ਉਮੀਦਵਾਰ Kate Chaney ਨੇ ਸੰਕੇਤ ਦਿੱਤਾ ਹੈ ਕਿ ਮੌਜੂਦਾ ਖਰਚਿਆਂ ਨੂੰ ਦੇਖਦਿਆਂ ਇਸ ਸੁਝਾਅ ’ਤੇ ਵਿਚਾਰ ਕੀਤਾ ਜਾ ਸਕਦਾ ਹੈ, ਜਦਕਿ ਵਿਰੋਧੀ ਧਿਰ ਦੇ ਆਗੂ Angus Taylor ਨੇ ਕਿਹਾ ਕਿ ਯੋਜਨਾ ’ਚ ਜ਼ਰੂਰੀ ਵੇਰਵਿਆਂ ਦੀ ਕਮੀ ਹੈ।
