ਮੈਲਬਰਨ: ਨਵੇਂ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਰਾਤ ਨੂੰ ਪੰਜ ਘੰਟੇ ਤੋਂ ਘੱਟ ਨੀਂਦ ਲੈਣ ਵਾਲੇ ਡਰਾਈਵਰਾਂ ਦੇ ਹਾਦਸੇ ਦਾ ਸ਼ਿਕਾਰ ਹੋਣ ਦਾ ਖਤਰਾ ਚਾਰ ਗੁਣਾ ਵੱਧ ਹੁੰਦਾ ਹੈ। ਟ੍ਰੈਫਿਕ ਐਕਸੀਡੈਂਟ ਕਮਿਸ਼ਨ ਅਤੇ ਮੋਨਾਸ਼ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਵੇਖਿਆ ਹੈ ਕਿ ਪੰਜ ਘੰਟੇ ਤੋਂ ਘੱਟ ਸੌਣ ਵਾਲੇ ਡਰਾਈਵਰ ਸੜਕ ’ਤੇ ਉਨੀਂਦਰੇ ਰਹਿੰਦੇ ਹਨ। ਪ੍ਰੋਫੈਸਰ ਕਲੇਅਰ ਐਂਡਰਸਨ ਨੇ ਕਿਹਾ, ‘‘ਲੋਕ ਜਾਗਣ ਲਈ ਸੰਘਰਸ਼ ਕਰ ਰਹੇ ਹਨ, ਉਹ ਜਲਦੀ ਪ੍ਰਤੀਕਿਰਿਆ ਨਹੀਂ ਦੇ ਰਹੇ, ਉਹ ਲੇਨ ਦੇ ਅੰਦਰ ਨਹੀਂ ਰਹਿ ਸਕਦੇ।’’ ਹਾਲਾਂਕਿ ਹਰ 10 ਆਸਟ੍ਰੇਲੀਆਈ ਲੋਕਾਂ ਵਿੱਚੋਂ ਇੱਕ ਲਈ, ਪੰਜ ਘੰਟੇ ਦੀ ਨੀਂਦ ਇੱਕ ਔਸਤ ਰਾਤ ਹੈ।ਖੋਜਕਰਤਾ ਜੈਸਿਕਾ ਮਨੋਸਾਕਿਸ ਨੇ ਕਿਹਾ ਕਿ ਅਸਲ ’ਚ ਘੱਟ ਸੌਣ ਕਾਰਨ ਹਾਦਸੇ ਦਾ ਖਤਰਾ .05 ਅਲਕੋਹਲ ਦੇ ਪੱਧਰ ਨਾਲੋਂ ਜ਼ਿਆਦਾ ਹੁੰਦਾ ਹੈ। ਵਿਕਟੋਰੀਆ ਵਿਚ ਹਰ ਸਾਲ 20 ਫੀਸਦੀ ਜਾਨਲੇਵਾ ਹਾਦਸੇ ਹੁੰਦੇ ਹਨ ਨਤੀਜੇ ਵਜੋਂ TAC ਨੇ ਉਨੀਂਦਰੇ ਡਰਾਈਵਰਾਂ ਨੂੰ ਨਿਸ਼ਾਨਾ ਬਣਾ ਕੇ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ।