ਮੈਲਬਰਨ : ਮੈਲਬਰਨ ਦੇ ਸਾਊਥ-ਈਸਟ ਇਲਾਕੇ ’ਚ ਸਥਿਤ Clyde North ’ਚ ਵੀਰਵਾਰ ਰਾਤ ਨੂੰ ਇਕ ਚਾਕੂਬਾਜ਼ੀ ਦੀ ਘਟਨਾ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਪੀੜਤ ਪਿਉ-ਪੁਤਰ ਸਨ ਅਤੇ ਉਨ੍ਹਾਂ ਨੂੰ ਜਨਮਦਿਨ ਦੀ ਪਾਰਟੀ ਦੌਰਾਨ ਬਹਿਸ ਝਗੜੇ ਵਿੱਚ ਬਦਲਣ ’ਤੇ ਚਾਕੂ ਮਾਰਿਆ ਗਿਆ ਸੀ। 20 ਲੋਕਾਂ ਵਿਚਾਲੇ ਝਗੜਾ ਹੋਇਆ ਸੀ। ਝਗੜੇ ਦੀਆਂ ਰਿਪੋਰਟਾਂ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਰਾਤ 9:20 ਵਜੇ ਦੇ ਕਰੀਬ ਕਲਾਈਡ ਨਾਰਥ ਵਿੱਚ Observatory Street ਦੇ ਇੱਕ ਘਰ ’ਚ ਬੁਲਾਇਆ ਗਿਆ।
ਪੁਲਿਸ ਨੂੰ ਦੋ ਜ਼ਖ਼ਮੀ ਵਿਅਕਤੀ ਮਿਲੇ ਜਿਨ੍ਹਾਂ ਨੂੰ ਮੌਕੇ ’ਤੇ ਡਾਕਟਰੀ ਇਲਾਜ ਮੁਹੱਈਆ ਕਰਵਾਇਆ ਗਿਆ ਪਰ ਦੋਵਾਂ ਵਿਅਕਤੀਆਂ ਦੀ ਮੌਤ ਹੋ ਗਈ। ਦੋਵਾਂ ਦੀ ਅਜੇ ਰਸਮੀ ਤੌਰ ’ਤੇ ਪਛਾਣ ਨਹੀਂ ਹੋ ਸਕੀ ਹੈ ਪਰ ਸੁਪਰਡੈਂਟ Janet Stevenson ਨੇ ਕਿਹਾ ਕਿ ਉਨ੍ਹਾਂ ਦੀ ਉਮਰ 23 ਅਤੇ 54 ਸਾਲ ਹੈ ਅਤੇ ਉਹ ਸੀਫੋਰਡ ਇਲਾਕੇ ਦੇ ਰਹਿਣ ਵਾਲੇ ਹਨ।
Stevenson ਨੇ ਕਿਹਾ ਕਿ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਕਈ ਲੋਕ ਮੌਕੇ ਤੋਂ ਚਲੇ ਗਏ ਅਤੇ ਉਨ੍ਹਾਂ ਨੇ ਲੋਕਾਂ ਨੂੰ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ। ਪੁਲਿਸ ਨੇ ਉਸ ਸਮੇਂ ਮੌਜੂਦ ਹੋਰ ਲੋਕਾਂ ਨਾਲ ਗੱਲ ਕੀਤੀ ਹੈ ਅਤੇ CCTV ਫੁਟੇਜ ਦੀ ਭਾਲ ਕੀਤੀ ਜਾ ਰਹੀ ਹੈ। ਜਿਸ ਕਿਸੇ ਨੇ ਵੀ ਇਸ ਘਟਨਾ ਨੂੰ ਦੇਖਿਆ ਹੈ, ਉਸ ਨੂੰ ਡੈਸ਼ਕੈਮ/CCTV ਫੁਟੇਜ ਜਾਂ ਜਾਣਕਾਰੀ ਦੇ ਨਾਲ 1800 333 000 ’ਤੇ ਕ੍ਰਾਈਮ ਸਟਾਪਰਜ਼ ਨਾਲ ਸੰਪਰਕ ਕਰਨ ਜਾਂ ਗੁਪਤ ਰਿਪੋਰਟ ਆਨਲਾਈਨ ਜਮ੍ਹਾਂ ਕਰਨ ਦੀ ਅਪੀਲ ਕੀਤੀ ਜਾਂਦੀ ਹੈ।