ਮੈਲਬਰਨ: ਮੈਲਬਰਨ ਦੇ ਦੱਖਣ-ਪੂਰਬ ’ਚ ਵਾਪਰੀ ਇੱਕ ਖੌਫ਼ਨਾਕ ਘਟਨਾ ’ਚ ਕੀਰੇਨ ਨਾਂ ਦੀ ਇਕ ਮਾਂ ਨੂੰ ਉਸ ਦੀ ਛੇ ਸਾਲ ਦੀ ਬੱਚੀ ਸਮੇਤ ਇੱਕ ਵਿਅਕਤੀ ਨੇ ਚਾਕੂ ਦੀ ਨੋਕ ’ਤੇ ਅਗਵਾ ਕਰ ਲਿਆ ਜਦੋਂ ਉਹ ਸਟੱਡ ਪਾਰਕ ਸ਼ਾਪਿੰਗ ਸੈਂਟਰ ’ਚੋਂ ਖ਼ਰੀਦਦਾਰ ਕਰ ਕੇ ਬਾਹਰ ਆ ਰਹੇ ਸਨ।
ਅਚਾਨਕ ਵਾਪਰੀ ਇਸ ਘਟਨਾ ਤੋਂ ਖੌਫ਼ਜਦਾ ਕੀਰੇਨ ਨੇ ਅਗਵਾਕਾਰ ਨੂੰ ਆਪਣੀ ਕਾਰ ਅਤੇ ਹੋਰ ਸਾਮਾਨ ਲੈ ਕੇ ਉਸ ਦੀ ਛੋਟੀ ਬੇੇਟੀ ਨੂੰ ਛੱਡਣ ਦੀਆਂ ਮਿੰਨਤਾਂ ਕੀਤੀਆਂ ਪਰ ਏਸ਼ੀਆਈ ਮੂਲ ਦਾ ਦੱਸਿਆ ਜਾ ਰਿਹਾ ਅਪਰਾਧੀ ਆਪਣੇ ਇਰਾਦੇ ’ਚ ਪੱਕਾ ਸੀ ਅਤੇ ਉਸ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਕਾਰ ਨੂੰ ਨੇੜਲੇ ਲੈਪਟਾਪਾਂ ਦੇ ਸਟੋਰਾਂ ਤਕ ਲੈ ਕੇ ਜਾਵੇ। ਸਟੋਰ ਸਾਹਮਣੇ ਪਹੁੰਚਣ ’ਤੇ ਉਸ ਨੇ ਕੀਰੇਨ ਨੂੰ ਲੈਪਟਾਪ ਖਰੀਦ ਕੇ ਲਿਆਉਣ ਲਈ ਕਿਹਾ ਅਤੇ ਖ਼ੁਦ ਬੱਚੀ ਨਾਲ ਕਾਰ ਵਿੱਚ ਬੈਠਾ ਰਿਹਾ।
ਇਸ ਦੌਰਾਨ ਕੀਰੇਨ ਦੇ ਪਤੀ ਨੇ ਉਸ ਦੇ ਮੋਬਾਈਲ ਫੋਨ ਰਾਹੀਂ ਉਸ ਦੀ ਸਥਿਤੀ ਨੂੰ ਟਰੈਕ ਕੀਤਾ ਅਤੇ ਹਮਲਾਵਰ ਦਾ ਸਾਹਮਣਾ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ। ਮਾਂ-ਧੀ ਦੇ ਸਿਰੋਂ ਮੁਸੀਬਤ ਉਦੋਂ ਉਤਰੀ ਜਦੋਂ ਆਦਮੀ ਨੇ ਚਾਰ ਲੈਪਟਾਪ ਲੈ ਕੇ ਚਲਦਾ ਬਣਿਆ ਅਤੇ ਕੀਰੇਨ ਨੂੰ ਆਪਣੀ ਧੀ ਨੂੰ ਘਰ ਲਿਜਾਣ ਲਈ ਕਿਹਾ। ਹਾਲਾਂਕਿ ਕੀਰੇਨ ਅਜੇ ਵੀ ਸਹਿਮੀ ਹੋਈ ਹੈ ਅਤੇ ਉਸ ਨੂੰ ਲਗਦਾ ਹੈ ਕਿ ਆਦਮੀ ਨੂੰ ਉਸ ਦੇ ਘਰ ਦਾ ਪਤਾ ਪਤਾ ਹੋ ਸਕਦਾ ਹੈ।
ਵਿਕਟੋਰੀਆ ਪੁਲਿਸ ਨੇ ਕੀਰੇਨ ਦੀ ਹਿੰਮਤ ਦੀ ਸ਼ਲਾਘਾ ਕੀਤੀ ਅਤੇ ਜਾਣਕਾਰੀ ਦੀ ਅਪੀਲ ਕਰ ਰਹੀ ਹੈ। ਇਸ ਵਿਅਕਤੀ ਦੀ ਉਮਰ 20-35 ਸਾਲ ਦੱਸੀ ਜਾ ਰਹੀ ਹੈ ਅਤੇ ਉਸ ਨੂੰ ਆਖਰੀ ਵਾਰ ਇਕ ਸ਼ਾਪਿੰਗ ਬੈਗ ਲੈ ਕੇ ਜਾਂਦੇ ਦੇਖਿਆ ਗਿਆ ਸੀ, ਜਿਸ ਵਿਚ ਐਪਲ ਮੈਕਬੁੱਕ ਕੰਪਿਊਟਰ ਸਨ। ਪੁਲਿਸ ਕਿਸੇ ਵੀ ਜਾਣਕਾਰੀ ਵਾਲੇ ਵਿਅਕਤੀ ਨੂੰ ਕ੍ਰਾਈਮ ਸਟਾਪਰਜ਼ ਨਾਲ 1800 333 000 ’ਤੇ ਸੰਪਰਕ ਕਰਨ ਦੀ ਅਪੀਲ ਕਰ ਰਹੀ ਹੈ।