ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਲਈ ਲਾਈ ਨਵੀਂ ਸ਼ਰਤ, ਘੱਟੋ-ਘੱਟ ਸੇਵਿੰਗਸ ਦੀ ਰਕਮ ’ਚ ਹੋਇਆ ਵੱਡਾ ਵਾਧਾ

ਮੈਲਬਰਨ: ਆਸਟ੍ਰੇਲੀਆ ਸਰਕਾਰ ਨੇ ਸਟੂਡੈਂਟ ਵੀਜ਼ਾ (Student Visa) ਪ੍ਰਾਪਤ ਕਰਨ ਲਈ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਆਪਣੇ ਖਾਤੇ ’ਚ ਵਿਖਾਏ ਜਾਣ ਵਾਲੀ ਘੱਟ ਤੋਂ ਘੱਟ ਰਕਮ ਦੀ ਹੱਦ ਵਿੱਚ ਫਿਰ ਵਾਧਾ ਕਰਨ ਦਾ ਐਲਾਨ ਕੀਤਾ ਹੈ। ਸ਼ੁੱਕਰਵਾਰ ਤੋਂ ਸੇਵਿੰਗਸ ਦਾ ਲੋੜੀਂਦਾ ਸਬੂਤ ਘੱਟੋ-ਘੱਟ 29,710 ਆਸਟ੍ਰੇਲੀਆਈ ਡਾਲਰ (ਜਾਂ 19,576 ਅਮਰੀਕੀ ਡਾਲਰ) ਹੋਵੇਗਾ। ਇਹ ਸੱਤ ਮਹੀਨਿਆਂ ਵਿੱਚ ਦੂਜਾ ਵਾਧਾ ਦਰਸਾਉਂਦਾ ਹੈ।

ਪਿਛਲੇ ਸਾਲ ਅਕਤੂਬਰ ’ਚ ਇਸ ਹੱਦ ਨੂੰ 21041 ਆਸਟ੍ਰੇਲੀਆਈ ਡਾਲਰ ਤੋਂ ਵਧਾ ਕੇ 24505 ਆਸਟ੍ਰੇਲੀਆਈ ਡਾਲਰ ਕਰ ਦਿੱਤਾ ਗਿਆ ਸੀ। ਇਸ ਤਰ੍ਹਾਂ ਅੱਜ ਕੀਤਾ ਗਿਆ ਵਾਧਾ 5 ਹਜ਼ਾਰ ਡਾਲਰ ਤੋਂ ਵੀ ਜ਼ਿਆਦਾ ਹੈ। ਇਹ ਕਦਮ 2022 ਵਿੱਚ ਕੋਵਿਡ-19 ਪਾਬੰਦੀਆਂ ਹਟਾਉਣ ਤੋਂ ਬਾਅਦ ਪ੍ਰਵਾਸੀਆਂ ਦੀ ਅਚਾਨਕ ਵਧੀ ਹੋਈ ਆਮਦ ਮਗਰੋਂ ਸਟੂਡੈਂਟ ਵੀਜ਼ਾ ਨਿਯਮਾਂ ਨੂੰ ਸਖਤ ਕਰਨ ਲਈ ਕੀਤੀਆਂ ਗਈਆਂ ਕਾਰਵਾਈਆਂ ਦੀ ਲੜੀ ਦਾ ਹਿੱਸਾ ਹੈ। ਇਸ ਤੋਂ ਪਹਿਲਾਂ ਸਟੂਡੈਂਟ ਵੀਜ਼ਾ ਲਈ ਅੰਗਰੇਜ਼ੀ ਭਾਸ਼ਾ ਦੀਆਂ ਜ਼ਰੂਰਤਾਂ ਨੂੰ ਮਾਰਚ ਵਿੱਚ ਵਧਾ ਦਿੱਤਾ ਗਿਆ ਸੀ, ਅਤੇ ਵਿਦਿਆਰਥੀਆਂ ਨੂੰ ਆਪਣੇ ਠਹਿਰਨ ਦੀ ਮਿਆਦ ਵਧਾਉਣ ਤੋਂ ਰੋਕਣ ਲਈ ਵੀ ਕਦਮ ਚੁੱਕੇ ਗਏ ਹਨ।

Leave a Comment