ਅਡਾਨੀ ਦੀ ਮਾਈਨਿੰਗ ਫ਼ਰਮ ’ਤੇ ਵਾਤਾਰਵਣ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼, ਕੁਈਨਜ਼ਲੈਂਡ ਵਾਤਾਵਰਣ ਵਿਭਾਗ ਅਤੇ ਫ਼ੈਡਰਲ ਏਜੰਸੀਆਂ ਪੁੱਜੀਆਂ ਅਦਾਲਤ ’ਚ

ਮੈਲਬਰਨ: ਕੁਈਨਜ਼ਲੈਂਡ ‘ਚ ਇੰਡੀਅਨ ਉਦਯੋਗਪਤੀ ਗੌਤਮ ਅਡਾਨੀ ਦੀ ਮਲਕੀਅਤ ਵਾਲੀ ਕਾਰਮਾਈਕਲ ਕੋਲਾ ਖਾਨ, ਡੂੰਗਮਾਬੁਲਾ ਝਰਨਿਆਂ ਦੇ ਵਾਤਾਵਰਣ ਨੂੰ ਹੋਣ ਵਾਲੇ ਸੰਭਾਵਿਤ ਨੁਕਸਾਨ ਲਈ ਜਾਂਚ ਦੇ ਘੇਰੇ ‘ਚ ਹੈ। ਸਟੇਟ ਦੇ ਵਾਤਾਵਰਣ ਵਿਭਾਗ ਦੇ ਅਧਿਕਾਰੀਆਂ ਅਤੇ ਫ਼ੈਡਰਲ ਵਿਗਿਆਨ ਏਜੰਸੀਆਂ ਨੇ ਅਦਾਲਤ ’ਚ ਦਾਇਰ ਦਸਤਾਵੇਜ਼ਾਂ ’ਚ ਝਰਨਿਆਂ ਨੂੰ ਬਚਾਉਣ ਲਈ ਅਡਾਨੀ ਦੇ ਧਰਤੀ ਹੇਠਲੇ ਪਾਣੀ ਦੇ ਮਾਡਲਿੰਗ ਦੀ ਆਲੋਚਨਾ ਕੀਤੀ ਹੈ, ਜੋ ਕਿ ‘ਆਪਣਾ ਮੰਤਵ ਪੂਰਾ ਨਹੀਂ ਕਰ ਰਿਹਾ’ ਹੈ।

ਇਹ ਝਰਨੇ ਰਾਸ਼ਟਰੀ ਪੱਧਰ ‘ਤੇ ਇੱਕ ਖ਼ਤਰੇ ਵਿੱਚ ਪਏ ਵਾਤਾਵਰਣ ਭਾਈਚਾਰੇ ਵਜੋਂ ਮਾਨਤਾ ਪ੍ਰਾਪਤ ਹਨ ਅਤੇ ਸਥਾਨਕ ਮੂਲ ਵਾਸੀਆਂ ਦੇ ਸਮੂਹ ਲਈ ਸੱਭਿਆਚਾਰਕ ਮਹੱਤਵ ਰੱਖਦੇ ਹਨ। ਅਡਾਨੀ ਦੋ ਸਾਲਾਂ ਤੋਂ ਇੱਥੋਂ ਥਰਮਲ ਕੋਲੇ ਦਾ ਨਿਰਯਾਤ ਕਰ ਰਿਹਾ ਹੈ, ਅਤੇ ਉਸ ਨੂੰ ਝਰਨੇ ਦੇ ਪਾਣੀ ਦੇ ਪੱਧਰ ਨੂੰ 20 ਸੈਂਟੀਮੀਟਰ ਤੱਕ ਕੱਢਣ ਦੀ ਇਜਾਜ਼ਤ ਹੈ। ਹਾਲਾਂਕਿ, CSIRO ਅਤੇ ਜੀਓਸਾਇੰਸਿਜ਼ ਆਸਟ੍ਰੇਲੀਆ ਨੇ ਚੇਤਾਵਨੀ ਦਿੱਤੀ ਹੈ ਕਿ ਅਡਾਨੀ ਦੇ ਝਰਨਿਆਂ ‘ਤੇ ਮੌਜੂਦਾ ਓਪਨ ਕਟ ਮਾਈਨਿੰਗ ਦੇ ਅੰਦਾਜ਼ੇ ਤੋਂ ਬੁਰੇ ਅਸਰ ਹੋ ਸਕਦੇ ਹਨ।

ਸਟੇਟ ਸਰਕਾਰ ਨੇ ਅਡਾਨੀ ਨੂੰ ਜ਼ਮੀਨ ਹੇਠਾਂ ਮਾਈਨਿੰਗ ਤੋਂ ਉਦੋਂ ਤੱਕ ਪਾਬੰਦੀ ਲਗਾ ਦਿੱਤੀ ਹੈ ਜਦੋਂ ਤੱਕ ਉਹ ਇਹ ਨਹੀਂ ਸਾਬਤ ਕਰਦੇ ਕਿ ਉਸ ਦੀਆਂ ਯੋਜਨਾਵਾਂ ਨਾਲ ਝਰਨੇ ਦੇ ਪਾਣੀ ਦਾ ਪੱਧਰ 20 ਸੈਂਟੀਮੀਟਰ ਤੋਂ ਵੱਧ ਨਹੀਂ ਡਿੱਗੇਗਾ। ਹਾਲਾਂਕਿ ਅਡਾਨੀ ਦੀ ਦਲੀਲ ਹੈ ਕਿ ਇਹ ਹੁਕਮ ਬੇਲੋੜਾ ਹੈ ਕਿਉਂਕਿ ਉਸ ਦੀ ਅਗਲੇ 11 ਸਾਲਾਂ ਲਈ ਜ਼ਮੀਨ ਹੇਠਾਂ ਮਾਈਨਿੰਗ ਸ਼ੁਰੂ ਕਰਨ ਦੀ ਯੋਜਨਾ ਨਹੀਂ ਹੈ ਅਤੇ ਓਪਨ ਕਟ ਮਾਈਨਿੰਗ ਜਾਰੀ ਹੈ। ਜਦਕਿ ਰਵਾਇਤੀ ਮਾਲਕਾਂ ਨੇ ਉਦੋਂ ਤਕ ਓਪਨ ਕੱਟ ਮਾਈਨਿੰਗ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਹੈ ਜਦੋਂ ਤਕ ਉਨ੍ਹਾਂ ਦੀ ਸੁਰੱਖਿਆ ਯਕੀਨੀ ਨਹੀਂ ਕੀਤੀ ਜਾਂਦੀ।

Leave a Comment