ਹਰਦੀਪ ਸਿੰਘ ਨਿੱਝਰ ਕਤਲ ਕੇਸ ਦਾ ਮਾਮਲਾ : ਪੜ੍ਹੋ, ਨਿਊਜ਼ੀਲੈਂਡ ਦੇ ਡਿਪਟੀ ਪ੍ਰਧਾਨ ਮੰਤਰੀ ਨੇ ਇੰਡੀਆ ਜਾ ਕੇ ਕੈਨੇਡਾ-ਇੰਡੀਆ ਵਿਵਾਦ ਬਾਰੇ ਕੀ ਆਖਿਆ !

ਮੈਲਬਰਨ: ਨਿਊਜ਼ੀਲੈਂਡ ਦੇ ਡਿਪਟੀ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਵਿੰਸਟਨ ਪੀਟਰਜ਼ ਨੇ ਕੈਨੇਡਾ ’ਚ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਹੋਏ ਕਤਲ ਨੂੰ ਲੈ ਕੇ ਭਾਰਤ-ਕੈਨੇਡਾ ਵਿਵਾਦ ਤੋਂ ਪੈਦਾ ਹੋਈ ਕੂਟਨੀਤਕ ਸਥਿਤੀ ’ਤੇ ਪਹਿਲਾ ਬਿਆਨ ਦਿੱਤਾ ਹੈ। ਆਪਣੀ ਭਾਰਤ ਫੇਰੀ ਦੌਰਾਨ ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਕਾਨੂੰਨ ਦੇ ਸ਼ਾਸਨ ਨੂੰ ਕਾਇਮ ਰੱਖਣ ਦਾ ਹਮਾਇਤੀ ਹੈ ਅਤੇ ਭਾਰਤ ਦੀ ਖੇਤਰੀ ਅਖੰਡਤਾ ਦਾ ਸਨਮਾਨ ਕਰਦਾ ਹੈ।

ਇਹ ਖੁਲਾਸਾ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਨਿੱਜਰ ਦੇ ਕਤਲ ਕੇਸ ਵਿੱਚ ਭਾਰਤ ਦੀ ਸ਼ਮੂਲੀਅਤ ਦੇ ਦਾਅਵੇ ਦੇ ਮੱਦੇਨਜ਼ਰ ਆਇਆ ਹੈ। ਨਿਊਜ਼ੀਲੈਂਡ ਵੀ ਪੰਜ ਦੇਸ਼ਾਂ ਦੇ ਜਾਸੂਸੀ ਨੈੱਟਵਰਕ ‘ਫਾਈਵ ਆਈਜ਼’ ਦਾ ਮੈਂਬਰ ਹੈ, ਜੋ ਆਪਸ ’ਚ ਖ਼ੁਫ਼ੀਆ ਜਾਣਕਾਰੀਆਂ ਸਾਂਝੀਆਂ ਕਰਦੇ ਹਨ। ਭਾਰਤੀ ਮੀਡੀਆ ਵੱਲੋਂ ਇਸ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ’ਚ ਪੀਟਰਜ਼ ਨੇ ਸਪੱਸ਼ਟ ਕੀਤਾ ਕਿ ਹਾਲਾਂਕਿ ਨਿਊਜ਼ੀਲੈਂਡ ਇਸ ਵਿਵਾਦ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਨਹੀਂ ਹੈ, ਪਰ ਇਹ ਕਾਨੂੰਨ ਦੇ ਸ਼ਾਸਨ ਦੀ ਸਖਤੀ ਨਾਲ ਰੱਖਿਆ ਕਰਦਾ ਹੈ ਅਤੇ ਪ੍ਰਭੂਸੱਤਾ, ਖਾਸ ਕਰ ਕੇ ਖੇਤਰੀ ਪ੍ਰਭੂਸੱਤਾ ਵਿੱਚ ਪੱਕਾ ਵਿਸ਼ਵਾਸ ਰੱਖਦਾ ਹੈ। ਨਿਊਜ਼ੀਲੈਂਡ ਅਤੇ ਭਾਰਤ ਦੇ ਰੱਖਿਆ ਅਤੇ ਸੁਰੱਖਿਆ ਸਬੰਧਾਂ ਨੂੰ ਵਧਾਉਣ ਦੀ ਤਲਾਸ਼ ਦੇ ਮੱਦੇਨਜ਼ਰ ਪੀਟਰਸ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਮੁਲਾਕਾਤ ਕਰਨਗੇ।

Leave a Comment