ਮੈਲਬਰਨ : ਭਾਰਤ ਅਤੇ ਨਿਊਜ਼ੀਲੈਂਡ ਨੇ ਰੱਖਿਆ, ਸਿੱਖਿਆ, ਖੇਡਾਂ, ਬਾਗਬਾਨੀ ਅਤੇ ਜੰਗਲਾਤ ਸਮੇਤ ਵੱਖ-ਵੱਖ ਖੇਤਰਾਂ ਵਿੱਚ ਪੰਜ ਸਮਝੌਤਿਆਂ ’ਤੇ ਹਸਤਾਖਰ ਕੀਤੇ ਹਨ। ਦੋਹਾਂ ਦੇਸ਼ਾਂ ਨੇ ਅਧਿਕਾਰਤ ਆਰਥਿਕ ਆਪਰੇਟਰ ਆਪਸੀ ਮਾਨਤਾ ਸਮਝੌਤੇ ਦਾ ਵੀ ਆਦਾਨ-ਪ੍ਰਦਾਨ ਕੀਤਾ, ਜਿਸ ਨਾਲ ਸੁਚਾਰੂ ਵਪਾਰ ਦੀ ਸਹੂਲਤ ਮਿਲਣ ਦੀ ਉਮੀਦ ਹੈ।
ਨਵੀਂ ਦਿੱਲੀ ਵਿੱਚ ਆਪਣੀ ਚਾਰ ਦਿਨਾਂ ਦੀ ਯਾਤਰਾ ਦੇ ਦੂਜੇ ਦਿਨ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ Christopher Luxon ਨੇ ਭਾਰਤ ਦੇ ਅਪਣੇ ਹਮਰੁਤਬਾ ਨਰਿੰਦਰ ਮੋਦੀ ਨਾਲ ਆਪਣੇ ਦੁਵੱਲੇ ਸਬੰਧਾਂ ਦੇ ਵੱਖ-ਵੱਖ ਪਹਿਲੂਆਂ ’ਤੇ ਚਰਚਾ ਕੀਤੀ, ਜਿਸ ਵਿੱਚ ਮੁਕਤ ਵਪਾਰ ਸਮਝੌਤੇ (FTA) ’ਤੇ ਗੱਲਬਾਤ ਸ਼ੁਰੂ ਕਰਨ ਦਾ ਫੈਸਲਾ ਵੀ ਸ਼ਾਮਲ ਹੈ। FTA ਦਾ ਉਦੇਸ਼ ਆਪਸੀ ਵਪਾਰ ਅਤੇ ਨਿਵੇਸ਼ ਨੂੰ ਹੁਲਾਰਾ ਦੇਣਾ ਹੈ, ਖਾਸ ਕਰਕੇ ਡੇਅਰੀ, ਫੂਡ ਪ੍ਰੋਸੈਸਿੰਗ ਅਤੇ ਫਾਰਮਾਸਿਊਟੀਕਲ ਵਰਗੇ ਪ੍ਰਮੁੱਖ ਖੇਤਰਾਂ ਵਿੱਚ।
ਹਾਲਾਂਕਿ, ਗੱਲਬਾਤ ਦੌਰਾਨ ਸੰਵੇਦਨਸ਼ੀਲ ਮੁੱਦੇ ਵੀ ਉੱਠੇ ਜਿਵੇਂ ਕਿ ਨਿਊਜ਼ੀਲੈਂਡ ਵਿੱਚ ‘ਭਾਰਤ ਵਿਰੋਧੀ ਗਤੀਵਿਧੀਆਂ’ ਬਾਰੇ ਮੋਦੀ ਦੀਆਂ ਚਿੰਤਾਵਾਂ। ਦਰਅਸਲ ਉਹ ਨਿਊਜ਼ੀਨੈਂਡ ’ਚ ਖ਼ਾਲਿਸਤਾਨ ਰੈਫ਼ਰੰਡਮ ਕਰਵਾਏ ਜਾਣ ਬਾਰੇ ਚਿੰਤਾ ਪ੍ਰਗਟਾ ਰਹੇ ਸਨ। Luxon ਨੇ ਬਾਅਦ ’ਚ ਮੀਡੀਆ ਨੂੰ ਕਿਹਾ ਕਿ ਨਿਊਜ਼ੀਲੈਂਡ ’ਚ ਖਾਲਿਸਤਾਨ ਅੰਦੋਲਨ ਦੇ ਕਿਸੇ ਵੀ ਕਾਨੂੰਨ ਨੂੰ ਤੋੜਨ ਦਾ ਕੋਈ ਸਬੂਤ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੋਦੀ ਨੇ ਵਿਸ਼ੇਸ਼ ਤੌਰ ’ਤੇ ਖ਼ਾਲਿਸਤਾਨ ਮੁਹਿੰਮ ’ਤੇ ਕੋਈ ਕਾਰਵਾਈ ਕਰਨ ਲਈ ਨਹੀਂ ਕਿਹਾ ਸੀ।