ਮੈਲਬਰਨ: ਆਸਟ੍ਰੇਲੀਆ ’ਚ ਤਪਦੀ ਗਰਮੀ ਕਾਰਨ ਫੈਲ ਰਹੀਆਂ ਬੁਸ਼ਫਾਇਰ ਵੱਡੀ ਮੁਸੀਬਤ ਬਣਦੀਆਂ ਜਾ ਰਹੀਆਂ ਹਨ। ਸਾਊਥ ਆਸਟ੍ਰੇਲੀਆ ਦੇ ਐਡੀਲੇਡ ਹਿਲਜ਼ ਵਿੱਚ ਸਥਿਤ ਕਾਰਕਸਕਰੂ ਰੋਡ ਨੇੜਲੇ ਹਾਈਬਰੀ ’ਚ ਲੱਗੀ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ। ਕੰਟਰੀ ਫਾਇਰ ਸਰਵਿਸ ਦੇ 65 ਵਲੰਟੀਅਰ ਫਾਇਰ ਫਾਈਟਰਜ਼ ਨੇ ਐਮ.ਐਫ.ਐਸ. ਅਤੇ ਵਾਤਾਵਰਣ ਵਿਭਾਗ ਦੇ ਵਰਕਰਾਂ ਦੀ ਮਦਦਦ ਨਾਲ ਹਾਈਬਰੀ ਦੇ ਗੋਰਜ ਰੋਡ ‘ਤੇ ਜੰਗਲ ਦੀ ਅੱਗ ‘ਤੇ ਕਾਬੂ ਪਾਇਆ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੀ ਤੁਰੰਤ ਪ੍ਰਤੀਕਿਰਿਆ ਨੇ ਅੱਗ ਨੂੰ ਲਗਭਗ 2.5 ਹੈਕਟੇਅਰ ਆਕਾਰ ਤੱਕ ਸੀਮਤ ਕਰ ਦਿੱਤਾ।
ਇਸ ਦੌਰਾਨ ਆਸਟ੍ਰੇਲੀਅਨ ਸਿੱਖ ਸਪੋਰਟ ਦੇ ਸਾਊਥ ਆਸਟ੍ਰੇਲੀਆ ਕੋਆਰਡੀਨੇਟਰ ਦਲਜੀਤ ਬਖਸ਼ੀ ਠੰਢੇ ਪਾਣੀ ਅਤੇ ਸਾਫਟ ਡਰਿੰਕ ਨਾਲ ਇਲਾਕੇ ਦੇ ਲੋਕਾਂ ਦੀ ਮਦਦ ਲਈ ਪੁੱਜੇ। ਕਿਉਂਕਿ ਅੱਗ ‘ਤੇ ਕਾਬੂ ਪਾ ਲਿਆ ਗਿਆ ਸੀ ਅਤੇ ਪੁਲਿਸ ਵੱਲੋਂ ਸਾਈਟ ਵਲ ਜਾਣ ‘ਤੇ ਪਾਬੰਦੀ ਲਗਾਈ ਗਈ ਸੀ, ਇਸ ਲਈ ਉਨ੍ਹਾਂ ਜਾਰਜ ਰੋਡ ‘ਤੇ ਯਾਤਰੀਆਂ ਨੂੰ ਰਸਤੇ ਵਿਚ ਪਾਣੀ ਅਤੇ ਸਾਫਟ ਡਰਿੰਕ ਵੰਡ ਦਿੱਤੇ। ਅੱਗ ਤੋਂ ਪ੍ਰੇਸ਼ਾਨ ਲੋਕਾਂ ਦੀ ਮਦਦ ਲਈ ਬਹੁੜੇ ਇਸ ਸਿੱਖ ਦੀ ਸਥਾਨਕ ਲੋਕਾਂ ਨੇ ਅਤੇ ਸੋਸ਼ਲ ਮੀਡੀਆ ’ਤੇ ਭਰਵੀਂ ਤਾਰੀਫ਼ ਹੋ ਰਹੀ ਹੈ।