ਮੈਲਬਰਨ: ਮਸ਼ਹੂਰ ਰੇਡੀਓ ਹੋਸਟ ਹਰਨੇਕ ਸਿੰਘ ਖਿਲਾਫ ਕਤਲ ਦੀ ਸਾਜਿਸ਼ ਰਚਣ ਦੇ ਮੁੱਖ ਦੋਸ਼ੀ ਦਾ ਨਾਂ ਜਗ-ਜ਼ਾਹਰ ਕਰ ਦਿੱਤਾ ਗਿਆ ਹੈ। ਆਕਲੈਂਡ ਦੇ ਰਹਿਣ ਵਾਲੇ ਗੁਰਿੰਦਰਪਾਲ ਸਿੰਘ ਬਰਾੜ ਨੂੰ ਇਸ ਹਮਲੇ ਦਾ ਮੁੱਖ-ਸੂਤਰਧਾਰ ਠਹਿਰਾਇਆ ਗਿਆ ਸੀ। ਬਰਾੜ, ਜਿਸ ਨੂੰ “ਬੰਟੀ ਬਾਬਾ” ਵੀ ਕਿਹਾ ਜਾਂਦਾ ਹੈ, ਇਸ ਸਮੇਂ ਸਾਢੇ 13 ਸਾਲ ਦੀ ਕੈਦ ਦੀ ਸਜ਼ਾ ਕੱਟ ਰਿਹਾ ਹੈ। ਉਸ ਦਾ ਸਹਿ-ਦੋਸ਼ੀ ਜੋਬਨਪ੍ਰੀਤ ਸਿੰਘ, ਜੋ ਬਰਾੜ ਦੀ ਧੀ ਨਾਲ ਪਿਆਰ ਕਰਦਾ ਸੀ, ਨੂੰ ਅੱਜ ਸਾਢੇ ਗਿਆਰਾਂ ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਬਰਾੜ ਦੀ ਪਛਾਣ ਮਨੂਕਾਊ ਜ਼ਿਲ੍ਹਾ ਅਦਾਲਤ ਵਿੱਚ ਵਿਚਾਰ ਅਧੀਨ ਹਮਲੇ ਦੇ ਦੋਸ਼ਾਂ ਕਾਰਨ ਦਬਾ ਦਿੱਤੀ ਗਈ ਸੀ, ਪਰ ਦਸੰਬਰ ਵਿੱਚ ਇਨ੍ਹਾਂ ਦੋਸ਼ਾਂ ਨੂੰ ਕਬੂਲ ਕਰਨ ਤੋਂ ਬਾਅਦ ਇਸ ਨੂੰ ਹਟਾ ਦਿੱਤਾ ਗਿਆ ਸੀ। ਇਹ ਦੋਸ਼ 2015 ਦੀਆਂ ਘਟਨਾਵਾਂ ਨਾਲ ਸਬੰਧਤ ਹਨ ਜਿੱਥੇ ਉਸ ਨੇ ਤਿੰਨ ਜਣਿਆਂ ’ਤੇ ਸੋਟੀਆਂ ਨਾਲ ਹਮਲਾ ਕੀਤਾ ਸੀ।
ਹਰਨੇਕ ਸਿੰਘ ’ਤੇ ਹਮਲੇ ਦੀ ਸਾਜ਼ਿਸ਼ ਦਸੰਬਰ 2020 ਵਿੱਚ ਸਾਹਮਣੇ ਆਈ ਸੀ ਜਦੋਂ ਹਰਨੇਕ ਸਿੰਘ ‘ਤੇ ਪਾਪਾਤੋਏਤੋਏ ਦੇ ਇੱਕ ਗੁਰਦੁਆਰੇ ਵਿੱਚ ਪ੍ਰਸਾਰਣ ਤੋਂ ਘਰ ਪਰਤਣ ‘ਤੇ ਹਮਲਾ ਕਰ ਦਿੱਤਾ ਗਿਆ ਸੀ। ਉਸ ਨੂੰ 40 ਤੋਂ ਵੱਧ ਵਾਰ ਚਾਕੂ ਮਾਰਿਆ ਗਿਆ ਸੀ। ਹਾਲਾਂਕਿ ਹਰਨੇਕ ਸਿੰਘ ਨੇ ਵਾਰ-ਵਾਰ ਕਾਰ ਦਾ ਹੌਰਨ ਵਜਾ ਕੇ ਮਦਦ ਲਈ ਲੋਕਾਂ ਨੂੰ ਸੱਦ ਲਿਆ ਸੀ ਅਤੇ ਜਾਨ ਬਚਾਉਣ ’ਚ ਕਾਮਯਾਬ ਰਿਹਾ ਸੀ। ਭਾਰਤ ਤੋਂ ਆਏ ਪ੍ਰਵਾਸੀ ਬਰਾੜ ਨੇ ਰੋਟੋਰੂਆ ਅਤੇ ਈਸਟ ਤਮਾਕੀ ’ਚ ਦੋ ਪ੍ਰਸਿੱਧ ਗੁਰਦੁਆਰਿਆਂ ਦੀ ਸਥਾਪਨਾ ਕੀਤੀ ਸੀ ਅਤੇ ਵੱਡੀ ਗਿਣਤੀ ਵਿਚ ਪੈਰੋਕਾਰ ਇਕੱਠੇ ਕੀਤੇ ਸਨ। ਉਸ ਦਾ ਪ੍ਰਭਾਵ ਅਜਿਹਾ ਸੀ ਕਿ ਲੋਕ ਉਸ ਦੇ ਕਹਿਣ ’ਤੇ ਕਿਸੇ ਦੀ ਜਾਨ ਲੈਣ ਲਈ ਵੀ ਤਿਆਰ ਰਹਿੰਦੇ ਸਨ। ਆਪਣੇ 45 ਹਜ਼ਾਰ ਪੈਰੋਕਾਰ ’ਚ ਉਹ ਕਿਸੇ ਸੰਤ ਵਾਂਗ ਵਿਚਰਦਾ ਸੀ। ਹਰਨੇਕ ਸਿੰਘ ‘ਤੇ ਹਮਲੇ ਦੌਰਾਨ ਮੌਜੂਦ ਨਾ ਹੋਣ ਦੇ ਬਾਵਜੂਦ ਸਰਕਾਰੀ ਵਕੀਲਾਂ ਨੇ ਬਰਾੜ ਨੂੰ ਸਾਜ਼ਿਸ਼ ਦਾ ਕੇਂਦਰ ਦੱਸਿਆ। ਉਸ ਦਾ ਪ੍ਰਭਾਵ ਅਤੇ ਉਸ ਦੇ ਪੈਰੋਕਾਰਾਂ ਦੀ ਸ਼ਰਧਾ ਸਾਜ਼ਿਸ਼ ਨੂੰ ਲਾਗੂ ਕਰਨ ਵਿੱਚ ਮੁੱਖ ਕਾਰਕ ਸਨ।