ਨਿਊਜ਼ੀਲੈਂਡ ’ਚ ਹਰਨੇਕ ਸਿੰਘ ’ਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ ’ਚ ਜੋਬਨਪ੍ਰੀਤ ਸਿੰਘ ਨੂੰ ਸਾਢੇ ਗਿਆਰਾਂ ਸਾਲ ਦੀ ਕੈਦ, ਡੀਪੋਰਟ ਕਰਨ ਦੇ ਵੀ ਹੁਕਮ

ਮੈਲਬਰਨ: ਨਿਊਜ਼ੀਲੈਂਡ ਦੇ ਆਕਲੈਂਡ ਵਿਚ ਰੇਡੀਓ ਹੋਸਟ ਹਰਨੇਕ ਸਿੰਘ ਦਾ ਕਤਲ ਕਰਨ ਦੀ ਕੋਸ਼ਿਸ਼ ਦੇ ਦੋਸ਼ ਵਿਚ 27 ਸਾਲ ਦੇ ਜੋਬਨਪ੍ਰੀਤ ਸਿੰਘ ਨੂੰ 9 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਹਮਲਾ 23 ਦਸੰਬਰ, 2020 ਨੂੰ ਹੋਇਆ ਸੀ, ਜਿਸ ਨੂੰ ਗੁਰਿੰਦਰਪਾਲ ਬਰਾੜ ਉਰਫ਼ ‘ਬੰਟੀ ਬਾਬਾ’ ਨੇ ਅੰਜਾਮ ਦਿੱਤਾ ਸੀ। ਇਸ ਕੇਸ ’ਚ ਸਜ਼ਾ ਪ੍ਰਾਪਤ ਕਰਨ ਵਾਲਾ ਉਹ ਆਖ਼ਰੀ ਦੋਸ਼ੀ ਹੈ। ਹਮਲੇ ਵਿਚ ਹਿੱਸਾ ਲੈਣ ਦੇ ਦੋਸ਼ੀ ਦੋ ਹੋਰ ਵਿਅਕਤੀਆਂ ਨੂੰ ਉਨ੍ਹਾਂ ਵੱਲੋਂ ਦੋਸ਼ ਕਬੂਲਣ ਅਤੇ ਪਛਤਾਵੇ ਲਈ ਛੋਟ ਦੇਣ ਤੋਂ ਪਹਿਲਾਂ ਸਾਢੇ 12 ਸਾਲ ਦੀ ਕੈਦ ਸੁਣਾਈ ਗਈ ਸੀ। ਗੁਰਿੰਦਰਪਾਲ ਸਿੰਘ ਬਰਾੜ ਨੂੰ ਸਾਢੇ 13 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਹਰਨੇਕ ਸਿੰਘ, ਜਿਸ ਦੇ ਦੁਨੀਆ ਭਰ ’ਚ ਬਹੁਤ ਸਾਰੇ ਪੈਰੋਕਾਰ ਹਨ ਪਰ ਆਪਣੇ ਰਾਜਨੀਤਿਕ ਵਿਚਾਰਾਂ ਅਤੇ ਸਿੱਖ ਧਰਮ ਦੀ ਵਿਵਾਦਮਈ ਵਿਆਖਿਆ ਕਾਰਨ ਬਹੁਤ ਸਾਰੇ ਆਲੋਚਕ ਵੀ ਹਨ, ਨੂੰ 40 ਤੋਂ ਵੱਧ ਵਾਰ ਚਾਕੂ ਮਾਰਿਆ ਗਿਆ ਸੀ ਪਰ ਸਮੇਂ ਸਿਰ ਮਦਦ ਮਿਲਣ ਦੀ ਬਦੌਲਤ ਉਹ ਬਚ ਗਿਆ ਸੀ। ਜੋਬਨਪ੍ਰੀਤ ਸਿੰਘ ’ਤੇ ਦੋਸ਼ ਹੈ ਕਿ ਉਸ ਨੇ ਹਰਨੇਕ ਸਿੰਘ ਦੇ ਕਤਲ ਤੋਂ ਬਾਅਦ ਉਸ ਦੇ ਘਰ ਨੂੰ ਅੱਗ ਲਾਉਣ ਦੀ ਯੋਜਨਾ ਬਣਾਈ ਸੀ।

ਜੋਬਨਪ੍ਰੀਤ ਸਿੰਘ, ਜੋ ਭਾਰਤ ਤੋਂ ਨਿਊਜ਼ੀਲੈਂਡ ਜਾਣ ਤੋਂ ਬਾਅਦ ਮੁਸ਼ਕਲਾਂ ’ਚ ਘਿਰਿਆ ਰਿਹਾ ਸੀ, ਨੂੰ ਬਰਾੜ ਦਾ ਵਫ਼ਾਦਾਰ ਭਗਤ ਦੱਸਿਆ ਜਾਂਦਾ ਹੈ। ਅੱਜ ਦੇ ਫੈਸਲੇ ਦੇ ਬਾਵਜੂਦ, ਉਸ ਨੇ ਕਿਹਾ ਕਿ ਉਹ ਹਮਲਾਵਰਾਂ ਵਿੱਚ ਸ਼ਾਮਲ ਨਹੀਂ ਸੀ। ਦੋ ਹੋਰਾਂ ਨੇ ਇਸ ਮੁਕੱਦਮੇ ’ਚ ਪਹਿਲਾਂ ਹਮਲੇ ਦਾ ਦੋਸ਼ ਕਬੂਲ ਕਰ ਲਿਆ ਅਤੇ ਇਕ ਨੇ ਦੋਵਾਂ ਸਹਿ-ਦੋਸ਼ੀਆਂ ਵਿਰੁੱਧ ਗਵਾਹੀ ਦਿੱਤੀ। ਜੋਬਨਪ੍ਰੀਤ ਸਿੰਘ ਦੇ ਵਕੀਲ ਨੇ ਦਲੀਲ ਦਿੱਤੀ ਕਿ ਉਸ ਦੇ ਮੁਵੱਕਿਲ ਦੀ ਸਜ਼ਾ ਅੰਸ਼ਕ ਤੌਰ ‘ਤੇ ‘ਅਕਾਦਮਿਕ’ ਸੀ ਕਿਉਂਕਿ ਜੇਲ੍ਹ ਦੀ ਸਜ਼ਾ ਖਤਮ ਹੁੰਦੇ ਹੀ ਉਸ ਨੂੰ ਡੀਪੋਰਟ ਕਰ ਕੇ ਭਾਰਤ ਭੇਜ ਦਿੱਤਾ ਜਾਵੇਗਾ। ਇਸ ਦੇ ਬਾਵਜੂਦ, ਕ੍ਰਾਊਨ ਪ੍ਰੋਸੀਕਿਊਟਰ ਜੇ ਤੌਸੀ ਨੇ ਜ਼ੋਰ ਦੇ ਕੇ ਕਿਹਾ ਕਿ ਭਵਿੱਖ ਵਿੱਚ ਅਜਿਹੇ ਹਮਲਿਆਂ ਨੂੰ ਰੋਕਣ ਲਈ ਸਜ਼ਾ ਲੰਬੀ ਹੋਣੀ ਚਾਹੀਦੀ ਹੈ। ਜੋਬਨਪ੍ਰੀਤ ਸਿੰਘ ਬਾਰੇ ਇਹ ਮੰਨਿਆ ਗਿਆ ਕਿ ਉਸ ਨੂੰ ਕੋਈ ਪਛਤਾਵਾ ਨਹੀਂ ਹੈ ਜਿਸ ਕਾਰਨ ਉਹ ਦੂਜਿਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

Leave a Comment