ਮੈਲਬਰਨ : ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ (ABS) ਵੱਲੋਂ ਅੱਜ ਜਾਰੀ ਅੰਕੜਿਆਂ ਮੁਤਾਬਕ ਵਿੱਤੀ ਸਾਲ 2023-24 ਦੌਰਾਨ ਆਸਟ੍ਰੇਲੀਆ ਦੀ ਆਬਾਦੀ ’ਚ ਵਿਦੇਸ਼ੀ ਪ੍ਰਵਾਸ ਕਾਰਨ 4,46,000 ਲੋਕਾਂ ਦਾ ਵਾਧਾ ਹੋਇਆ ਹੈ, ਜਦੋਂ ਕਿ 2022-2023 ’ਚ ਇਹ ਗਿਣਤੀ 5,36,000 ਸੀ।
ABS ਦੀ ਮਾਈਗ੍ਰੇਸ਼ਨ ਸਟੈਟਿਸਟਿਕਸ ਦੀ ਮੁਖੀ ਜੈਨੀ ਡੋਬਕ ਨੇ ਕਿਹਾ, ‘‘ਇਹ ਗਿਰਾਵਟ ਮਹਾਂਮਾਰੀ ਤੋਂ ਬਾਅਦ 2021-22 ਵਿੱਚ ਆਸਟ੍ਰੇਲੀਆ ਦੀਆਂ ਸਰਹੱਦਾਂ ਦੁਬਾਰਾ ਖੋਲ੍ਹਣ ਮਗਰੋਂ ਸ਼ੁੱਧ ਵਿਦੇਸ਼ੀ ਪ੍ਰਵਾਸ ਵਿੱਚ ਪਹਿਲੀ ਸਾਲਾਨਾ ਗਿਰਾਵਟ ਹੈ।’’ ਉਨ੍ਹਾਂ ਕਿਹਾ ਕਿ 2022-23 ਦੇ ਮੁਕਾਬਲੇ ਪ੍ਰਵਾਸੀਆਂ ਦੀ ਆਮਦ ’ਚ 10 ਫੀਸਦੀ ਦੀ ਗਿਰਾਵਟ ਆਈ ਹੈ, ਜਦੋਂ ਕਿ ਪ੍ਰਵਾਸੀਆਂ ਦੇ ਦੇਸ਼ ’ਚੋਂ ਜਾਣ ’ਚ 8 ਫੀਸਦੀ ਦਾ ਵਾਧਾ ਹੋਇਆ ਹੈ।
ਸਾਲ 2023-24 ’ਚ 6,67,000 ਪ੍ਰਵਾਸੀ ਆਸਟ੍ਰੇਲੀਆ ਆਏ। ਇਨ੍ਹਾਂ ’ਚੋਂ ਚਾਰ ਵਿਚੋਂ ਲਗਭਗ ਤਿੰਨ ਟੈਂਪਰੇਰੀ ਵੀਜ਼ਾ (465,000) ’ਤੇ ਸਨ। ਆਉਣ ਵਾਲੇ ਟੈਂਪਰੇਰੀ ਵੀਜ਼ਾ ਧਾਰਕਾਂ ਵਿਚੋਂ ਅੱਧੇ ਤੋਂ ਵੀ ਘੱਟ ਇੰਟਰਨੈਸ਼ਨਲ ਵਿਦਿਆਰਥੀ (207,000) ਸਨ।
ਸਾਲ 2023-24 ’ਚ ਵਿਦੇਸ਼ੀ ਪ੍ਰਵਾਸੀਆਂ ਸਭ ਤੋਂ ਜ਼ਿਆਦਾ ਭਾਰਤ, ਚੀਨ, ਆਸਟ੍ਰੇਲੀਆ, ਬ੍ਰਿਟੇਨ ਅਤੇ ਨਿਊਜ਼ੀਲੈਂਡ ਸਨ। ਪ੍ਰਵਾਸੀਆਂ ਦੇ ਆਉਣ ਦੀ ਔਸਤ ਉਮਰ 27 ਸਲ ਸੀ ਅਤੇ ਪ੍ਰਵਾਸੀਆਂ ਦੇ ਜਾਣ ਲਈ ਇਹ 31 ਸੀ।