‘ਸਿਰਫ਼ ਔਰਤਾਂ ਲਈ ਮਿਊਜ਼ੀਅਮ ਖੋਲ੍ਹਣਾ ਮਰਦਾਂ ਨਾਲ ਵਿਤਕਰਾ ਨਹੀਂ’, ਤਸਮਾਨੀਆ ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਪਲਟਿਆ

ਮੈਲਬਰਨ : ਤਸਮਾਨੀਆ ਦੇ ਹੋਬਾਰਟ ਵਿੱਚ ਨਵੀਂ ਅਤੇ ਪੁਰਾਣੀ ਕਲਾ ਦੇ ਮਿਊਜ਼ੀਅਮ (MONA) ਨੇ ਆਪਣੀ ‘ਲੇਡੀਜ਼ ਲਾਊਂਜ’ ਪ੍ਰਦਰਸ਼ਨੀ ਨੂੰ ਸਿਰਫ਼ ਔਰਤਾਂ ਵੱਲੋਂ ਵੇਖਣ ਲਈ ਵਿਸ਼ੇਸ਼ ਰੱਖਣ ਦੀ ਅਪੀਲ ਜਿੱਤ ਲਈ ਹੈ। ਇਸ ਤੋਂ ਪਹਿਲਾਂ NSW ਦੇ ਇੱਕ ਪੁਰਸ਼ ਸੈਲਾਨੀ Jason Lau ਦੀ ਸ਼ਿਕਾਇਤ ਤੋਂ ਬਾਅਦ ਤਸਮਾਨੀਆ ਦੀ ਸਿਵਲ ਅਤੇ ਪ੍ਰਸ਼ਾਸਕੀ ਟ੍ਰਿਬਿਊਨਲ ਨੇ ਆਪਣੇ ਇੱਕ ਪਿਛਲੇ ਫੈਸਲੇ ਵਿੱਚ ਇਸ ਜਗ੍ਹਾ ਨੂੰ ਪੱਖਪਾਤੀ ਦਸਿਆ ਸੀ।

ਹਾਲਾਂਕਿ, ਤਸਮਾਨੀਆ ਦੀ ਸੁਪਰੀਮ ਕੋਰਟ ਨੇ ਔਰਤਾਂ ਨੂੰ ਦਰਪੇਸ਼ ਨੁਕਸਾਨ ਨੂੰ ਦੂਰ ਕਰਨ ਲਈ ਲਾਊਂਜ ਦੇ ਇਰਾਦੇ ਨੂੰ ਮਾਨਤਾ ਦਿੰਦੇ ਹੋਏ ਇਸ ਫੈਸਲੇ ਨੂੰ ਪਲਟ ਦਿੱਤਾ। ਅਦਾਲਤ ਨੇ ਟ੍ਰਿਬਿਊਨਲ ਨੂੰ ਆਪਣੇ ਫੈਸਲੇ ’ਤੇ ਮੁੜਵਿਚਾਰ ਕਰਨ ਲਈ ਕਿਹਾ ਹੈ। ਮੋਨਾ ਦੀ ‘ਲੇਡੀਜ਼ ਲਾਊਂਜ’ ਪ੍ਰਦਰਸ਼ਨੀ ਵਿਤਕਰੇ ਦੀ ਸ਼ਿਕਾਇਤ ਤੋਂ ਬਾਅਦ ਅਪ੍ਰੈਲ ਵਿੱਚ ਬੰਦ ਕਰ ਦਿੱਤੀ ਗਈ ਸੀ। ਲਾਊਂਜ ਦਾ ਉਦੇਸ਼ ਬਰਾਬਰ ਮੌਕੇ ਨੂੰ ਉਤਸ਼ਾਹਤ ਕਰਨਾ ਅਤੇ ਔਰਤਾਂ ਦੇ ਨੁਕਸਾਨ ਨੂੰ ਦੂਰ ਕਰਨਾ ਦਸਿਆ ਜਾ ਰਿਹਾ ਹੈ। ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਕਿਊਰੇਟਰ ਨੇ ਯੋਜਨਾਵਾਂ ਨੂੰ ਦੁਬਾਰਾ ਖੋਲ੍ਹਣ ਦੇ ਸੰਕੇਤ ਦਿੱਤੇ। ਕਲਾਕਾਰ ਅਤੇ ਮਿਊਜ਼ੀਅਮ ਦੀ ਕਿਊਰੇਟਰ Kirsha Kaechele ਨੇ ਅਦਾਲਤ ਦੇ ਫੈਸਲੇ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪਿੱਤਰਸੱਤਾ ਨੂੰ ਤੋੜ ਦਿੱਤਾ ਗਿਆ ਹੈ ਅਤੇ ਇਸ ਫੈਸਲੇ ਨੇ ਉਸ ਸੱਚ ਨੂੰ ਬਿਆਨ ਕੀਤਾ ਹੈ ਕਿ ਔਰਤਾਂ ਮਰਦਾਂ ਨਾਲੋਂ ਬਿਹਤਰ ਹਨ।