ਇਮੀਗ੍ਰੇਸ਼ਨ ਬਾਰੇ ਬ੍ਰਿਟੇਨ ’ਚ ਸਖ਼ਤੀ ਤੋਂ ਬਾਅਦ ਆਸਟ੍ਰੇਲੀਆ ’ਚ ਵੀ ਵਧਿਆ ਮਾਈਗਰੈਂਟਸ ’ਚ ਕਮੀ ਕਰਨ ਦਾ ਦਬਾਅ

ਮੈਲਬਰਨ : ਸਿਡਨੀ ਸਥਿਤ ਮਸ਼ਹੂਰ ਰੇਡੀਓ ਸਟੇਸ਼ਨ 2GB ਦੇ ਹੋਸਟ Ben Fordham ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ Anthony Albanese ਨੂੰ ਬ੍ਰਿਟੇਨ ਦੇ ਨਕਸ਼ੇ ਕਦਮਾਂ ’ਤੇ ਚੱਲਣ ਅਤੇ ਆਸਟ੍ਰੇਲੀਆ ਦੇ ਵਿਗੜਦੇ ਹਾਊਸਿੰਗ ਸੰਕਟ ਨੂੰ ਵੇਖਦਿਆਂ ਇਮੀਗ੍ਰੇਸ਼ਨ ਦੀ ਗਿਣਤੀ ਘਟਾਉਣ ਦੀ ਜ਼ਰੂਰਤ ਹੈ। Fordham ਨੇ ਕਿਹਾ ਕਿ 25 ਸਾਲ ਪਹਿਲਾਂ ਆਸਟ੍ਰੇਲੀਆ ਆਉਣ ਵਾਲੇ ਮਾਈਗਰੈਂਟਸ ਦੀ ਤੁਲਨਾ ’ਚ ਆਸਟ੍ਰੇਲੀਆ ਅੰਦਰ ਜ਼ਿਆਦਾ ਬੱਚੇ ਪੈਦਾ ਹੋਏ ਸਨ। ਪਰ ਹੁਣ ਇਹ ਪਲਟ ਗਿਆ ਹੈ ਅਤੇ ਆਸਟ੍ਰੇਲੀਆ ਅੰਦਰ ਪੈਦਾ ਹਰ ਬੱਚੇ ’ਤੇ ਚਾਰ ਮਾਈਗਰੈਂਟ ਦੇਸ਼ ਅੰਦਰ ਆ ਰਹੇ ਹਨ।

ਜ਼ਿਕਰਯੋਗ ਹੈ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ Keir Starmer ਦੀ ਸਰਕਾਰ ਵੱਲੋਂ ਪੇਸ਼ ਪ੍ਰਸਤਾਵਿਤ ਕਾਨੂੰਨਾਂ ਤਹਿਤ ਵਿਦੇਸ਼ੀ ਨਾਗਰਿਕਾਂ ਨੂੰ ਸੈਟਲਮੈਂਟ ਲਈ ਅਰਜ਼ੀ ਦੇਣ ਲਈ ਪੰਜ ਸਾਲ ਦੀ ਬਜਾਏ 10 ਸਾਲ ਇੰਤਜ਼ਾਰ ਕਰਨਾ ਪਵੇਗਾ, ਮਾਈਗਰੈਂਟਸ ਲਈ ਅੰਗਰੇਜ਼ੀ ਭਾਸ਼ਾ ਦੀਆਂ ਜ਼ਰੂਰਤਾਂ ਸਖਤ ਕੀਤੀਆਂ ਜਾਣਗੀਆਂ ਅਤੇ ਸਕਿੱਲਡ ਵਰਕ ਵੀਜ਼ਾ ਲਈ ਅਰਜ਼ੀ ਦੇਣ ਵਾਲਿਆਂ ਲਈ ਲੋੜੀਂਦੀ ਯੋਗਤਾ ਦਾ ਵਿਸਥਾਰ ਕੀਤਾ ਜਾਵੇਗਾ।

ਪਿਛਲੇ ਸਾਲ ਬ੍ਰਿਟੇਨ ’ਚ 1.2 ਮਿਲੀਅਨ ਮਾਈਗਰੈਂਟਸ ਆਏ ਸਨ, ਜਦੋਂ ਕਿ ਵਿੱਤੀ ਸਾਲ 2023-24 ਵਿੱਚ ਆਸਟ੍ਰੇਲੀਆ ਨੇ 670,000 ਮਾਈਗਰੈਂਟਸ ਨੇ ਆਸਟ੍ਰੇਲੀਆ ਨੂੰ ਆਪਣਾ ਘਰ ਬਣਾਇਆ।