ਅਤਿਵਾਦੀ ਟਿਕਾਣਿਆਂ ’ਤੇ ਕੀਤੇ ਹਮਲੇ ’ਚ ਘੱਟੋ-ਘੱਟ 70 ਜਣਿਆਂ ਦੀ ਮੌਤ
ਮੈਲਬਰਨ : ਭਾਰਤੀ ਫ਼ੌਜ ਨੇ ਬੁੱਧਵਾਰ ਤੜਕੇ ਪਾਕਿਸਤਾਨ ਸਥਿਤ ਅਤਿਵਾਦੀ ਟਿਕਾਣਿਆਂ ’ਤੇ ‘ਆਪਰੇਸ਼ਨ ਸਿੰਦੂਰ’ ਲਾਂਚ ਕੀਤਾ ਅਤੇ ਪਾਕਿਸਤਾਨ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਅੰਦਰ ਅੱਤਵਾਦੀ ਢਾਂਚੇ ਦੇ 9 ਟਿਕਾਣਿਆਂ ’ਤੇ ਹਮਲੇ ਕੀਤੇ। ਭਾਰਤ ਅਨੁਸਾਰ ਹਮਲੇ ’ਚ 70 ਅਤਿਵਾਦੀ ਮਾਰੇ ਗਏ ਹਨ। ਜਦਕਿ ਪਾਕਿਤਸਤਾਨ ਨੇ ਦੋਸ਼ ਲਾਇਆ ਕਿ ਹਮਲੇ ’ਚ ਉਸ ਦੇ 26 ਨਾਗਰਿਕ ਮਾਰੇ ਗਏ।
ਚਸ਼ਮਦੀਦਾਂ ਨੇ ਦੱਸਿਆ ਕਿ ਬੁੱਧਵਾਰ ਤੜਕੇ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਸੁਣੀ ਗਈ ਅਤੇ ਪਾਕਿਸਤਾਨੀ ਕਸ਼ਮੀਰ ਦੀ ਰਾਜਧਾਨੀ ਮੁਜ਼ੱਫਰਾਬਾਦ ’ਚ ਬਿਜਲੀ ਸਪਲਾਈ ਠੱਪ ਹੋ ਗਈ। ਮਿਜ਼ਾਈਲ ਹਮਲੇ ਸਥਾਨਕ ਸਮੇਂ ਅਨੁਸਾਰ ਤੜਕੇ 1 ਵਜੇ ਦੇ ਕਰੀਬ ਹੋਏ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤੀ ਬਲਾਂ ਨੇ ਭਾਰਤੀ ਹਵਾਈ ਖੇਤਰ ‘ਚ ਰਹਿੰਦੇ ਹੋਏ ਇਹ ਹਮਲੇ ਕੀਤੇ ਸਨ। ਇਸ ਵਿਚ ਕਿਹਾ ਗਿਆ ਹੈ ਕਿ ਹਮਲੇ ਨੇ ਕਮਰਸ਼ੀਅਲ ਹਵਾਈ ਆਵਾਜਾਈ ਲਈ ਇਕ ਮਹੱਤਵਪੂਰਣ ਖਤਰਾ ਪੈਦਾ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਹਾਵਲਪੁਰ ’ਚ ਜੈਸ਼-ਏ-ਮੁਹੰਮਦ ਅਤੇ ਮੁਰੀਦਕੇ ’ਚ ਲਸ਼ਕਰ-ਏ-ਤੋਇਬਾ ਦੇ ਟਿਕਾਣਿਆਂ ’ਤੇ ਹਮਲੇ ਕੀਤੇ ਗਏ।
ਪਾਕਿਸਤਾਨੀ ਫੌਜ ਦੇ ਬੁਲਾਰੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਕਿਹਾ ਕਿ ਇਸ ਦੇ ਜਵਾਬ ਵਿਚ ਭਾਰਤੀ ਹਵਾਈ ਫੌਜ ਦੇ ਘੱਟੋ-ਘੱਟ ਦੋ ਜਹਾਜ਼ਾਂ ਨੂੰ ਮਾਰ ਸੁੱਟਿਆ ਗਿਆ ਹੈ। ਇਸ ਬਾਰੇ ਹੋਰ ਕੋਈ ਵੇਰਵਾ ਤੁਰੰਤ ਉਪਲਬਧ ਨਹੀਂ ਸੀ। ਪਾਕਿਸਤਾਨੀ ਫੌਜ ਨੇ ਭਾਰਤ ਦੇ ਪੁੰਛ ਅਤੇ ਰਾਜੌਰੀ ’ਚ ਕੰਟਰੋਲ ਰੇਖਾ ਨਾਲ ਲੱਗਦੇ ਪਿੰਡਾਂ ’ਤੇ ਭਾਰੀ ਮੋਰਟਾਰ ਵੀ ਦਾਗੇ। ਅਧਿਕਾਰੀਆਂ ਨੇ ਦੱਸਿਆ ਕਿ ਪੁੰਛ ਦੇ ਕ੍ਰਿਸ਼ਨਾ ਘਾਟੀ, ਸ਼ਾਹਪੁਰ ਅਤੇ ਮਨਕੋਟ, ਰਾਜੌਰੀ ਜ਼ਿਲ੍ਹੇ ਦੇ ਲਾਮ, ਮੰਜਾਕੋਟ ਅਤੇ ਗਮਬੀਰ ਬ੍ਰਾਹਮਣ ’ਚ ਗੋਲੀਬਾਰੀ ਹੋਈ ਜਿਸ ’ਚ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋ ਗਈ। ਪਾਕਿਸਤਾਨ ਅਨੁਸਾਰ ਭਾਰਤੀ ਗੋਲੀਬਾਰੀ ’ਚ ਉਸ ਦੇ 6 ਨਾਗਰਿਕਾਂ ਦੀ ਮੌਤ ਹੋ ਗਈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਪਾਕਿਸਤਾਨ ਨੂੰ ਭਾਰਤ ਵੱਲੋਂ ਥੋਪੀ ਗਈ ਜੰਗ ਦਾ ਜ਼ੋਰਦਾਰ ਜਵਾਬ ਦੇਣ ਦਾ ਪੂਰਾ ਅਧਿਕਾਰ ਹੈ ਅਤੇ ਇਸ ਦਾ ਜ਼ੋਰਦਾਰ ਜਵਾਬ ਦਿੱਤਾ ਜਾ ਰਿਹਾ ਹੈ।
ਇਹ ਹਮਲੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਬਿਆਨ ਤੋਂ ਕੁਝ ਘੰਟਿਆਂ ਬਾਅਦ ਹੋਏ ਹਨ, ਜਿਸ ’ਚ ਉਨ੍ਹਾਂ ਨੇ ਕਿਹਾ ਸੀ ਕਿ ਭਾਰਤ ਦੀਆਂ ਸਰਹੱਦਾਂ ’ਤੇ ਵਗਣ ਵਾਲੇ ਪਾਣੀ ਨੂੰ ਰੋਕ ਦਿੱਤਾ ਜਾਵੇਗਾ। ਪਾਕਿਸਤਾਨ ਨੇ ਚੇਤਾਵਨੀ ਦਿੱਤੀ ਹੈ ਕਿ ਉਸ ਦੇ ਖੇਤਰ ਵਿੱਚ ਵਗਣ ਵਾਲੀਆਂ ਨਦੀਆਂ ਨਾਲ ਛੇੜਛਾੜ ਕਰਨਾ ‘ਯੁੱਧ ਦੀ ਕਾਰਵਾਈ’ ਹੋਵੇਗੀ।
ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਦੱਸਿਆ ਕਿ ਮਿਜ਼ਾਈਲਾਂ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਘੱਟੋ-ਘੱਟ ਦੋ ਅਤੇ ਦੇਸ਼ ਦੇ ਪੂਰਬੀ ਪੰਜਾਬ ਸੂਬੇ ’ਚ ਪੰਜ ਥਾਵਾਂ ’ਤੇ ਹਮਲਾ ਕੀਤਾ। ਇਕ ਹਮਲਾ ਪਾਕਿਸਤਾਨ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਪੰਜਾਬ ਦੇ ਬਹਾਵਲਪੁਰ ਸ਼ਹਿਰ ਵਿਚ ਇਕ ਮਸਜਿਦ ’ਤੇ ਹੋਇਆ, ਜਿੱਥੇ ਇਕ ਬੱਚੇ ਦੀ ਮੌਤ ਹੋ ਗਈ ਅਤੇ ਇਕ ਔਰਤ ਅਤੇ ਇਕ ਆਦਮੀ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਪੰਜਾਬ ਦੇ ਮੁਰੀਦਕੇ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਕੋਟਲੀ ਨੇੜੇ ਵੀ ਹਮਲੇ ਕੀਤੇ ਗਏ।
ਉੱਤਰੀ ਭਾਰਤ ’ਚ ਹਵਾਈ ਆਵਜਾਈ ਰੁਕੀ, ਭਾਰਤ ਅਤੇ ਪਾਕਿਸਤਾਨ ਜਾਣ ਵਾਲੇ ਆਸਟ੍ਰੇਲੀਅਨਾਂ ਨੂੰ ਚੇਤਾਵਨੀ ਜਾਰੀ
ਕਤਰ ਏਅਰਵੇਜ਼ ਨੇ ਕਿਹਾ ਕਿ ਉਸ ਨੇ ਪਾਕਿਸਤਾਨ ਜਾਣ ਵਾਲੀਆਂ ਉਡਾਣਾਂ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਹੈ, ਜਦੋਂ ਕਿ ਏਅਰ ਇੰਡੀਆ ਨੇ ਕਿਹਾ ਕਿ ਉਸ ਨੇ ਜੰਮੂ, ਸ਼੍ਰੀਨਗਰ, ਲੇਹ, ਜੋਧਪੁਰ, ਅੰਮ੍ਰਿਤਸਰ, ਭੁਜ, ਜਾਮਨਗਰ, ਚੰਡੀਗੜ੍ਹ ਅਤੇ ਰਾਜਕੋਟ ਤੋਂ ਆਉਣ ਵਾਲੀਆਂ ਉਡਾਣਾਂ ਬੁੱਧਵਾਰ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ ਤੱਕ ਰੱਦ ਕਰ ਦਿੱਤੀਆਂ ਹਨ ਕਿਉਂਕਿ ਇਨ੍ਹਾਂ ਥਾਵਾਂ ’ਤੇ ਹਵਾਈ ਅੱਡੇ ਅਗਲੇ ਨੋਟਿਸ ਤੱਕ ਬੰਦ ਹਨ। ਆਸਟ੍ਰੇਲੀਆਈ ਨਾਗਰਿਕਾਂ ਨੂੰ ਪਾਕਿਸਤਾਨ ਦੀ ਯਾਤਰਾ ’ਤੇ ਮੁੜ ਵਿਚਾਰ ਕਰਨ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ। ਵਿਦੇਸ਼ ਮੰਤਰਾਲੇ ਦੀ Smartraveller ਵੈੱਬਸਾਈਟ ਨੇ ਭਾਰਤ ’ਚ ਯਾਤਰਾ ਕਰਨ ਵਾਲਿਆਂ ਨੂੰ ਵੀ ਬੇਹੱਦ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ।