ਮੈਲਬਰਨ : ਬਹੁਤ ਸਾਰੀਆਂ ਸਭਿਅਤਾਵਾਂ ਅਤੇ ਵਿਸ਼ਵਾਸਾਂ ਵਿੱਚ, ਅਜਿਹੇ ਜੀਵ ਮਿਲਦੇ ਹਨ, ਜੋ ਵਿਨਾਸ਼ ਨਾਲ ਜੁੜੇ ਹੋਏ ਹਨ। ਮੰਨਿਆ ਜਾਂਦਾ ਹੈ ਕਿ ਇਹ ਜੀਵ ਉਦੋਂ ਹੀ ਵੇਖੇ ਜਾਂਦੇ ਹਨ ਜਦੋਂ ਕੋਈ ਤਬਾਹੀ ਆਉਣ ਵਾਲੀ ਹੁੰਦੀ ਹੈ। ਵਿਗਿਆਨੀ ਇਨ੍ਹਾਂ ਕਹਾਣੀਆਂ ਨੂੰ ਸਿਰਫ ਅਫਵਾਹਾਂ ਦੱਸਦੇ ਹਨ, ਪਰ ਜਿਨ੍ਹਾਂ ਲੋਕਾਂ ਦੇ ਅਜਿਹੇ ਵਿਸ਼ਵਾਸ ਹਨ ਉਹ ਇਨ੍ਹਾਂ ਨੂੰ ਗੰਭੀਰਤਾ ਨਾਲ ਲੈਂਦੇ ਹਨ। ਆਸਟ੍ਰੇਲੀਆ ਵਿੱਚ ਵੀ ਪਿਛਲੇ ਦਿਨੀਂ ਦੋ ਮਛੇਰਿਆਂ ਨੂੰ ਇੱਕ ਅਜਿਹੀ ਮੱਛੀ ਮਿਲੀ ਹੈ ਜੋ ਬਹੁਤ ਦੁਰਲੱਭ ਹੈ ਅਤੇ ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨੂੰ ਵੇਖਣ ਨਾਲ ਹੀ ਤਬਾਹੀ ਆ ਜਾਂਦੀ ਹੈ। ਇਸ ਮੱਛੀ ਨੂੰ Doomsday Fish ਵੀ ਕਿਹਾ ਜਾਂਦਾ ਹੈ।
Curtis Peterson ਅਤੇ ਉਸ ਦੇ ਦੋਸਤ ਨੂੰ ਆਸਟ੍ਰੇਲੀਆ ਦੇ Tiwi ਟਾਪੂ ਨੇੜੇ ਇਕ ਵਿਸ਼ਾਲ Oarfish ਮਿਲੀ ਹੈ। ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ Fishing Australia TV ’ਤੇ ਇਸ ਮੱਛੀ ਨਾਲ ਇਕ ਫੋਟੋ ਵੀ ਪੋਸਟ ਕੀਤੀ ਹੈ। ਵੇਖਣ ਨੂੰ ਭਾਵੇਂ ਇਹ ਬਹੁਤ ਅਜੀਬ ਅਤੇ ਹੋਰ ਹੀ ਕਿਸੇ ਦੁਨੀਆ ਦੀ ਲਗਦੀ ਹੈ। ਇਹ ਸਮੁੰਦਰ ’ਚ ਮੱਛੀ 3000 ਫੁੱਟ ਦੀ ਡੂੰਘਾਈ ’ਤੇ ਤੈਰਦੀ ਹੈ ਅਤੇ ਅਕਸਰ ਉਸ ਦੀ ਲਾਸ਼ ਸਮੁੰਦਰ ਦੇ ਕਿਨਾਰੇ ਵਹਿ ਜਾਂਦੀ ਹੈ। ਇਹ ਮੱਛੀਆਂ 9-10 ਮੀਟਰ ਤਕ ਲੰਬੀਆਂ ਹੋ ਸਕਦੀਆਂ ਹਨ। ਜਾਪਾਨੀ ਮਾਨਤਾਵਾਂ ਵਿੱਚ ਇਨ੍ਹਾਂ ਮੱਛੀਆਂ ਨੂੰ ਸਮੁੰਦਰੀ ਸੱਪ ਕਿਹਾ ਜਾਂਦਾ ਸੀ, ਜੋ ਜਦੋਂ ਦਿਖਾਈ ਦਿੰਦੇ ਸਨ, ਤਾਂ ਭੂਚਾਲ ਆਉਂਦਾ ਸੀ।