ਮੈਲਬਰਨ : ਭਾਰਤ ਦੇ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਐਲਾਨ ਕੀਤਾ ਹੈ ਕਿ ਸਿਡਨੀ ਵਿੱਚ ਭਾਰਤ ਇੱਕ ਵਪਾਰ ਦਫਤਰ ਖੋਲ੍ਹੇਗਾ। ਇਹ ਐਲਾਨ ਗੋਇਲ ਦੀ ਆਸਟ੍ਰੇਲੀਆ ਯਾਤਰਾ ਦੇ ਆਖ਼ਰੀ ਦਿਨ ਵੀਰਵਾਰ ਨੂੰ ਕੀਤਾ ਗਿਆ, ਜਿੱਥੇ ਉਨ੍ਹਾਂ ਨੇ ਆਸਟ੍ਰੇਲੀਆ ਦੇ ਵਪਾਰ ਅਤੇ ਸੈਰ-ਸਪਾਟਾ ਮੰਤਰੀ Don Farrell ਆਸਟ੍ਰੇਲੀਆ ਸਮੇਤ ਕਈ ਨੇਤਾਵਾਂ ਨਾਲ ਮੁਲਾਕਾਤ ਕੀਤੀ। ਗੋਇਲ ਨੇ ਵੀਰਵਾਰ ਨੂੰ ਆਸਟ੍ਰੇਲੀਆ ’ਚ ਆਪਣੀ ਤਿੰਨ ਦਿਨਾਂ ਦੀ ਯਾਤਰਾ ਮੁਕੰਮਲ ਕੀਤੀ।
ਨਵੇਂ ਵਪਾਰ ਦਫਤਰ ਵਿੱਚ ਇਨਵੈਸਟਮੈਂਟ ਇੰਡੀਆ (ਇਨਵੈਸਟ ਇੰਡੀਆ), ਨੈਸ਼ਨਲ ਇੰਡਸਟਰੀਅਲ ਕੋਰੀਡੋਰ ਡਿਵੈਲਪਮੈਂਟ ਕਾਰਪੋਰੇਸ਼ਨ (NICDC), ਐਕਸਪੋਰਟ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ (ECGC) ਅਤੇ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (CII) ਅਤੇ FICCI ਵਰਗੀਆਂ ਉਦਯੋਗ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਲ ਹੋਣਗੇ। ਇਹ ਦਫਤਰ ਵਪਾਰ ਅਤੇ ਨਿਵੇਸ਼ ਦੇ ਨਾਲ-ਨਾਲ ਸੈਰ-ਸਪਾਟਾ ਅਤੇ ਤਕਨੀਕੀ ਸਹਿਯੋਗ ਨੂੰ ਉਤਸ਼ਾਹਤ ਕਰੇਗਾ।
ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਸਹਿਯੋਗ ਵਧਾਉਣ ਲਈ ਕੀਤਾ ਗ੍ਰਾਂਟ ਦਾ ਐਲਾਨ
Farrell ਨੇ ਭਾਰਤ ਨਾਲ ਸਹਿਯੋਗ ਵਧਾਉਣ ਲਈ ਆਸਟ੍ਰੇਲੀਆਈ ਕਾਰੋਬਾਰਾਂ, ਸੰਗਠਨਾਂ ਅਤੇ ਯੂਨੀਵਰਸਿਟੀਆਂ ਲਈ 10 ਮਿਲੀਅਨ ਆਸਟ੍ਰੇਲੀਆਈ ਡਾਲਰ ਦੀ ਨਵੀਂ ਗ੍ਰਾਂਟ ਦਾ ਐਲਾਨ ਕੀਤਾ ਹੈ। ਨਵੀਂ ਗ੍ਰਾਂਟ ਦੇ ਤਹਿਤ, ਕਾਰੋਬਾਰ ਅਤੇ ਨਵੀਨਤਾ, ਸੱਭਿਆਚਾਰਕ ਸਬੰਧਾਂ ਅਤੇ ਭਾਈਚਾਰੇ ਦੇ ਨੇਤਾਵਾਂ ਨੂੰ ਉਤਸ਼ਾਹਤ ਕਰਨ ਵਾਲੇ ਪ੍ਰੋਜੈਕਟਾਂ ‘ਤੇ ਕੰਮ ਕਰਨ ਵਾਲੀਆਂ ਆਸਟ੍ਰੇਲੀਆਈ ਸੰਸਥਾਵਾਂ ਨੂੰ 5 ਮਿਲੀਅਨ ਆਸਟ੍ਰੇਲੀਆਈ ਡਾਲਰ ਅਤੇ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਨੂੰ ਵਿਦਵਾਨਾਂ ਲਈ 5 ਮਿਲੀਅਨ ਆਸਟ੍ਰੇਲੀਆਈ ਡਾਲਰ ਅਤੇ ਸਾਂਝੀਆਂ ਚੁਣੌਤੀਆਂ ’ਤੇ ਆਪਣੇ ਖੋਜ ਕਾਰਜਾਂ ਵਿੱਚ ਭਾਰਤੀ ਵਿਦਿਆਰਥੀਆਂ ਦੀ ਮੇਜ਼ਬਾਨੀ ਕਰਨ ਲਈ ਫੈਲੋਸ਼ਿਪ ਮਿਲੇਗੀ।
ਗੱਲਬਾਤ ਦੌਰਾਨ ਦੋਵੇਂ ਧਿਰਾਂ ਇਸ ਗੱਲ ’ਤੇ ਇਕਮਤ ਸਨ ਕਿ ‘ਮੇਕ ਇਨ ਇੰਡੀਆ’ ਅਤੇ ‘ਫਿਊਚਰ ਮੇਡ ਇਨ ਆਸਟ੍ਰੇਲੀਆ’ ਪਹਿਲਕਦਮੀਆਂ ਇਕ ਦੂਜੇ ਦੇ ਪੂਰਕ ਹਨ ਅਤੇ ਦੋਵਾਂ ਧਿਰਾਂ ਨੂੰ ਮਿਲ ਕੇ ਕੰਮ ਕਰਨ ਦੇ ਮੌਕੇ ਪ੍ਰਦਾਨ ਕਰਦੀਆਂ ਹਨ।