ਪੰਜਾਬੀਆਂ ਦਾ ਵਿਆਹ ਆਸਟ੍ਰੇਲੀਆ ’ਚ ਬਣਿਆ ਚਰਚਾ ਦਾ ਕੇਂਦਰ, ਅੰਬਾਨੀਆਂ ਦੇ ਵਿਆਹ ਨਾਲ ਹੋ ਰਿਹੈ ਮੁਕਾਬਲਾ

ਮੈਲਬਰਨ : ਕੁਈਨਜ਼ਲੈਂਡ ਦੇ Townsville ਵਿੱਚ ਤਿੰਨ ਪੰਜਾਬੀ ਭੈਣਾਂ ਦਾ ਵਿਆਹ ਇਨ੍ਹੀਂ ਦਿਨੀਂ ਪੂਰੇ ਆਸਟ੍ਰੇਲੀਆ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜੁੜਵਾਂ ਭੈਣਾਂ ਹਰਜਯੋਤ ਤੇ ਨਿਰਜਯੋਤ ਤੋਂ ਇਲਾਵਾ ਉਨ੍ਹਾਂ ਦੀ ਛੋਟੀ ਭੈਣ ਬਾਵੇਲਿਨ ਦਾ ਵਿਆਹ ਲਗਾਤਾਰ ਤਿੰਨ ਦਿਨ ਚਲਦਾ ਰਿਹਾ। ਇਨ੍ਹਾਂ ’ਚੋਂ ਦੋ ਭੈਣਾਂ ਦਾ ਵਿਆਹ ਹਰਜੋਤ ਅਤੇ ਗੁਰਜੋਤ ਨਾਲ ਹੋਇਆ ਜੋ ਸਕੇ ਭਰਾ ਹਨ ਅਤੇ ਤੀਜਾ ਲਾੜਾ ਮਨਰਾਜ ਸੀ। ਇਕੱਠਿਆਂ ਵਿਆਹ ਕਰਵਾਉਣ ਬਾਰੇ ਹਰਜੋਤ ਨੇ ਕਿਹਾ, ‘‘ਸਾਡਾ ਸਾਰਾ ਕੁੱਝ ਸਾਂਝਾ ਹੁੰਦਾ ਹੈ, ਫਿਰ ਅਸੀਂ ਸੋਚਿਆ ਕਿ ਵਿਆਹ ਵੀ ਕਿਉਂ ਨਾ ਇਕੱਠੇ ਕਰਵਾ ਲਈਏ।’’

9News ਦੇ ‘ਏ ਕਰੰਟ ਅਫ਼ੇਅਰਜ਼’ ਨੇ ਇਸ ਵਿਸ਼ਾਲ ਵਿਆਹ ਸਮਾਗਮ ’ਤੇ ਖ਼ਾਸ ਪ੍ਰੋਗਰਾਮ ਵੀ ਬਣਾਇਆ ਹੈ ਅਤੇ ਇਸ ਦੀ ਆਲੀਸ਼ਾਨਤਾ ਨੂੰ ਆਸਟ੍ਰੇਲੀਆ ’ਚ, ਭਾਰਤ ਦੇ ਅੰਬਾਨੀਆਂ ਦੇ ਵਿਆਹ ਬਰਾਬਰ, ਕਰਾਰ ਦਿੱਤਾ ਹੈ। ਵਿਆਹ ਦੀ ਮੇਜ਼ਬਾਨੀ ਕੁੜੀਆਂ ਦੇ ਪਿਤਾ ਨਿਰਮਲ ਸਿੰਘ ਨੇ ਕੀਤੀ, ਜਿਸ ਵਿੱਚ 36 ਸਮਾਗਮ ਸ਼ਾਮਲ ਸਨ ਅਤੇ ਹਰ ਰੋਜ਼ ਲਗਭਗ 500 ਮਹਿਮਾਨ ਸ਼ਾਮਲ ਹੋਏ ਸਨ। ਮਹਿਮਾਨਾਂ ’ਚ ਫੈਡਰਲ ਸੰਸਦ ਮੈਂਬਰ ਬੌਬ ਕੈਟਰ ਵੀ ਸ਼ਾਮਲ ਸਨ ਜੋ ਨਿਰਮਲ ਸਿੰਘ ਦੇ ਚੰਗੇ ਦੋਸਤ ਹਨ। ਨਿਰਮਲ ਸਿੰਘ ਦਾ ਕੁਈਨਜ਼ਲੈਂਡ ’ਚ ਆਪਣਾ ਕੇਲਿਆਂ ਦਾ ਫ਼ਾਰਮ ਹੈ।

ਪਰਿਵਾਰ ਨੇ ਭਾਰਤ ਵਿੱਚ ਵਿਆਹ ਲਈ ਖਰੀਦਦਾਰੀ ਕਰਨ ਵਿੱਚ ਪੰਜ ਹਫ਼ਤੇ ਬਿਤਾਏ। ਕੁੜੀਆਂ ਦੀ ਮਾਂ ਹਰਜਿੰਦਰ ਕੌਰ ਨੇ ਦਸਿਆ ਕਿ ਕੁੜੀਆਂ ਵਿਆਹ ਲਈ 31-31 ਪੋਸ਼ਾਕਾਂ ਖ਼ਰੀਦੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਿਸਰਫ਼ 11-11। ਵਿਆਹ ਇੱਕ ਰਵਾਇਤੀ ਭਾਰਤੀ ਜਸ਼ਨ ਸੀ ਜਿਸ ਵਿੱਚ ਪ੍ਰੀ-ਵੈਡਿੰਗ ਸਮਾਰੋਹ, ਰੰਗਾਰੰਗ ਸਮਾਗਮ ਅਤੇ ਆਫਟਰ ਪਾਰਟੀ ਹੁੰਦੀ ਸੀ। ਭੈਣਾਂ ਦੇ ਪਿਤਾ, ਨਿਰਮਲ, ਵਿਆਹ ਨੂੰ ਇੱਕ ਮਹੱਤਵਪੂਰਣ ਪ੍ਰਾਪਤੀ ਮੰਨਦੇ ਹਨ। ਉਨ੍ਹਾਂ ਦਾ ਕਹਿਣਾ ਸੀ, ‘‘ਪੈਸੇ ਖ਼ਰਚ ਹੋਣ ਦੀ ਮੈਨੂੰ ਕੋਈ ਪ੍ਰਵਾਹ ਨਹੀਂ ਸੀ।’’