ਭਾਰਤ ਤੇ ਆਸਟ੍ਰੇਲੀਆ ਵਿਚਾਲੇ ਵਿਆਪਕ ਵਪਾਰ ਸਮਝੌਤੇ ਬਾਰੇ ਗੱਲਬਾਤ ਨਵੰਬਰ ’ਚ

ਮੈਲਬਰਨ : ਭਾਰਤ ਅਤੇ ਆਸਟ੍ਰੇਲੀਆ ਦੇ ਅਧਿਕਾਰੀਆਂ ਦੇ ਨਵੰਬਰ ਵਿੱਚ ਵਿਆਪਕ ਮੁਕਤ ਵਪਾਰ ਸਮਝੌਤੇ ’ਤੇ ਅਗਲੇ ਦੌਰ ਦੀ ਗੱਲਬਾਤ ਕਰਨ ਦੀ ਉਮੀਦ ਹੈ। ਦੋਵਾਂ ਦੇਸ਼ਾਂ ਨੇ ਦਸੰਬਰ 2022 ਵਿੱਚ ਅੰਤਰਿਮ ਵਪਾਰ ਸਮਝੌਤਾ ਲਾਗੂ ਕੀਤਾ ਸੀ। ਅਤੇ ਹੁਣ ਉਹ ਇਸ ਦੇ ਘੇਰੇ ਨੂੰ ਵਧਾਉਣ ਲਈ ਗੱਲਬਾਤ ਕਰ ਰਹੇ ਹਨ। ਮੰਤਰਾਲੇ ਨੇ ਕਿਹਾ ਕਿ ਭਾਰਤ-ਆਸਟ੍ਰੇਲੀਆ CECA (ਵਿਆਪਕ ਆਰਥਿਕ ਸਹਿਯੋਗ ਸਮਝੌਤਾ) ਗੱਲਬਾਤ ਦਾ 10ਵਾਂ ਦੌਰ 19-22 ਅਗਸਤ ਨੂੰ ਸਿਡਨੀ ਵਿਚ ਹੋਇਆ ਸੀ। ਵਸਤੂਆਂ, ਸੇਵਾਵਾਂ, ਡਿਜੀਟਲ ਵਪਾਰ, ਸਰਕਾਰੀ ਖਰੀਦ, ਵਸਤੂ ਮੂਲ ਦੇ ਕਾਨੂੰਨਾਂ ਅਤੇ ਖੇਤੀਬਾੜੀ ਤਕਨਾਲੋਜੀ ਦੇ ਖੇਤਰਾਂ ’ਤੇ ਵਿਚਾਰ ਵਟਾਂਦਰੇ ਕੀਤੇ ਗਏ।

ਭਾਰਤੀ ਵਫ਼ਦ ਦੀ ਅਗਵਾਈ ਵਣਜ ਵਿਭਾਗ ਦੇ ਮੁੱਖ ਵਾਰਤਾਕਾਰ ਅਤੇ ਵਧੀਕ ਸਕੱਤਰ ਰਾਜੇਸ਼ ਅਗਰਵਾਲ ਨੇ ਕੀਤੀ। ਆਸਟ੍ਰੇਲੀਆ ਦੇ ਵਫ਼ਦ ਦੀ ਅਗਵਾਈ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਦੇ ਮੁੱਖ ਵਾਰਤਾਕਾਰ ਅਤੇ ਪਹਿਲੇ ਸਹਾਇਕ ਸਕੱਤਰ ਰਵੀ ਕੇਵਲਰਾਮ ਨੇ ਕੀਤੀ। ਮੀਟਿੰਗ ਦਾ ਉਦੇਸ਼ ਤਕਨਾਲੋਜੀ ਟ੍ਰਾਂਸਫਰ ਅਤੇ ਗਿਆਨ ਸਾਂਝਾ ਕਰਨ ਰਾਹੀਂ ਖੇਤੀਬਾੜੀ ਅਤੇ ਬਾਗਬਾਨੀ ਖੇਤਰਾਂ ਵਿੱਚ ਮੌਕਿਆਂ ਦੀ ਤਲਾਸ਼ ਕਰਨਾ ਅਤੇ ਆਪਸੀ ਲਾਭਕਾਰੀ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਪਾਰ 2023-24 ਵਿਚ ਲਗਭਗ 24 ਅਰਬ ਡਾਲਰ ਸੀ।