ਮੈਲਬਰਨ : ਇਮੀਗ੍ਰੇਸ਼ਨ ਨਿਊਜ਼ੀਲੈਂਡ (INZ) ਨੇ 25 ਬੰਗਲਾਦੇਸ਼ੀ ਨਾਗਰਿਕਾਂ ਨੂੰ ਬਿਨਾਂ ਜਾਇਜ਼ ਵਰਕ ਵੀਜ਼ਾ ਤੋਂ ਦੇਸ਼ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦਿਆਂ ਰੋਕ ਲਿਆ ਹੈ। ਇਸ ਸਮੂਹ ਆਪਣੇ ਸਫ਼ਰ ਦੌਰਾਨ ਮਲੇਸ਼ੀਆ ਦੇ ਕੁਆਲਾਲੰਪੁਰ ‘ਚ ਰੁਕਿਆ ਹੋਇਆ ਸੀ ਜਿਸ ਤੋਂ ਬਾਅਦ ਉਨ੍ਹਾ ਨੇ ਨਿਊਜ਼ੀਲੈਂਡ ਆਉਣਾ ਸੀ। ਨਿਯਮਤ ਜਾਂਚ ‘ਚ INZ ਨੂੰ ਇਨ੍ਹਾਂ ਦੀ ਯੋਗਤਾ ਸਬੰਧੀ ਚਿੰਤਾਵਾਂ ਪੈਦਾ ਹੋ ਗਈਆਂ ਸਨ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਵਿਅਕਤੀ ਝੂਠੇ ਬਹਾਨੇ ਲਾ ਕੇ ਨਿਊਜ਼ੀਲੈਂਡ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਇਨ੍ਹਾਂ ’ਚੋਂ ਕੁੱਝ ਨੇ ਕਿਹਾ ਕਿ ਉਹ ਕਰੂਜ਼ ਵਿਚ ਸ਼ਾਮਲ ਹੋਣ ਲਈ ਨਿਊਜ਼ੀਲੈਂਡ ਜਾ ਰਹੇ ਹਨ ਜਦਕਿ ਕੁੱਝ ਨੇ ਕਿਹਾ ਕਿ ਉਹ ਆਸਟ੍ਰੇਲੀਆ ਜਾ ਰਹੇ ਹਨ। INZ ਦਾ ਮੰਨਣਾ ਹੈ ਕਿ ਕਿਸੇ ਅਣਜਾਣ ਏਜੰਟ ਨੇ ਸਮੂਹ ਨੂੰ ਇਹ ਸੋਚ ਕੇ ਗੁੰਮਰਾਹ ਕੀਤਾ ਹੋ ਸਕਦਾ ਹੈ ਕਿ ਉਨ੍ਹਾਂ ਕੋਲ ਜਾਇਜ਼ ਵਰਕ ਵੀਜ਼ਾ ਹੈ। ਏਜੰਸੀ ਇਸ ਸਕੈਮ ਦੀ ਜਾਂਚ ਕਰ ਰਹੀ ਹੈ ਪਰ ਨਿਊਜ਼ੀਲੈਂਡ ਵਿਚ ਕੰਮ ਦੀ ਭਾਲ ਕਰ ਰਹੇ ਵਿਅਕਤੀਆਂ ਨੂੰ ਨੌਕਰੀ ਸਕੈਮ ਤੋਂ ਚੌਕਸ ਰਹਿਣ ਅਤੇ ਕਿਸੇ ਵੀ ਵੀਜ਼ਾ ਸਕੈਮ ਦੀ ਰਿਪੋਰਟ ਸਥਾਨਕ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਕਰਨ ਦੀ ਚੇਤਾਵਨੀ ਦਿੱਤੀ ਹੈ।