ਮੈਲਬਰਨ : ਆਸਟ੍ਰੇਲੀਆ ਨੇ ਐਲਾਨ ਕੀਤਾ ਹੈ ਕਿ ਉਹ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਬੁਰੇ ਅਸਰਾਂ ਬਾਰੇ ਪਤਾ ਕਰਨ ਲਈ ਸੰਸਦੀ ਜਾਂਚ ਕਰੇਗਾ। ਸਰਕਾਰ ਨੇ ਕਿਹਾ ਆਸਟ੍ਰੇਲੀਆਈ ਲੋਕ ਜੋ ਕੁੱਝ ਵੀ ਆਨਲਾਈਨ ਦੇਖਦੇ ਹਨ, ਉਸ ’ਤੇ ਇਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਦਾ ਬਹੁਤ ਕੰਟਰੋਲ ਹੈ। ਸਰਕਾਰ ਨੇ ਹਿੰਸਕ ਪੋਸਟਾਂ ਨੂੰ ਹਟਾਉਣ ਲਈ ਤੇਜ਼ੀ ਨਾਲ ਕੰਮ ਨਾ ਕਰਨ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਆਲੋਚਨਾ ਕੀਤੀ ਹੈ ਅਤੇ ਮੈਟਾ ਦਾ (ਮੈਟਾ.ਓ) ਫੇਸਬੁੱਕ, ਬਾਈਟਡਾਂਸ ਦਾ ਟਿਕਟਾਕ ਅਤੇ ਐਲਨ ਮਸਕ ਦੀ ਮਲਕੀਅਤ ਵਾਲੇ ‘ਐਕਸ’ ‘ਤੇ ਪੋਸਟ ਕੀਤੀ ਗਈ ਸਮੱਗਰੀ ‘ਤੇ ਵਧੇਰੇ ਨਿਗਰਾਨੀ ਦੀ ਮੰਗ ਕੀਤੀ ਹੈ। ਇਸ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਪੱਤਰਕਾਰਾਂ ਨੂੰ ਕਿਹਾ, “ਕਈ ਮੁੱਦਿਆਂ ‘ਤੇ, ਚਾਹੇ ਉਹ ਘਰੇਲੂ ਹਿੰਸਾ ਦਾ ਮੁੱਦਾ ਹੋਵੇ, ਚਾਹੇ ਸਾਡੇ ਨੌਜਵਾਨਾਂ ਦਾ ਕੱਟੜਵਾਦ ਹੋਵੇ, ਕਈ ਮਾਮਲਿਆਂ ਵਿੱਚ ਕੁਝ ਅਜਿਹਾ ਵਾਰ-ਵਾਰ ਸਾਹਮਣੇ ਆਉਂਦਾ ਰਹਿੰਦਾ ਹੈ ਜਿਸ ’ਚ ਸੋਸ਼ਲ ਮੀਡੀਆ ਦੀ ਭੂਮਿਕਾ ਹੁੰਦੀ ਹੈ।’’ ਉਨ੍ਹਾਂ ਕਿਹਾ, ‘‘ਇਹ ਮੰਚ ਬਹੁਤ ਸਕਾਰਾਤਮਕ ਹੋ ਸਕਦੇ ਹਨ ਪਰ ਉਨ੍ਹਾਂ ਦਾ ਨਕਾਰਾਤਮਕ ਪ੍ਰਭਾਵ ਵੀ ਹੋ ਸਕਦਾ ਹੈ।’’ ਸਾਂਝੀ ਸੰਸਦੀ ਚੋਣ ਕਮੇਟੀ ਆਸਟ੍ਰੇਲੀਆ ਵਿਚ ਖ਼ਬਰਾਂ ਲਈ ਭੁਗਤਾਨ ਕਰਨ ਤੋਂ ਪਿੱਛੇ ਹਟਣ ਦੇ ਮੈਟਾ ਦੇ ਫੈਸਲੇ ਦੀ ਵੀ ਜਾਂਚ ਕਰੇਗੀ।