ਮੈਲਬਰਨ: ਆਸਟ੍ਰੇਲੀਆ ਵਿੱਚ ਵਿਦਿਆਰਥੀਆਂ ਨੂੰ ਨਕਲ ਮਰਵਾਉਣ ਵਾਲੇ ਸਿੰਡੀਕੇਟਾਂ ਪੈਦਾ ਹੋ ਗਏ ਹਨ ਜੋ ਬਾਅਦ ’ਚ ਉਨ੍ਹਾਂ ਨੂੰ ਬਲੈਕਮੇਲ ਕਰ ਕੇ ਵੱਡੀ ਰਕਮ ਬਟੋਰਦੇ ਹਨ। ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਦੇਸ਼ ਦੀ ਸੁਰੱਖਿਆ ਅਤੇ ਯੂਨੀਵਰਸਿਟੀ ਦੀ ਸਾਖ ਦੋਵਾਂ ਲਈ ਖਤਰਾ ਹੈ, ਖਾਸ ਤੌਰ ‘ਤੇ ਪੜ੍ਹਾਈ ਮਗਰੋਂ ਚੋਟੀ ਦੇ ਅਹੁਦਿਆਂ ‘ਤੇ ਪੁੱਜੇ ਗ੍ਰੈਜੂਏਟਾਂ ਤੋਂ ਜਬਰੀ ਵਸੂਲੀ ਦਾ ਜੋਖਮ ਵਧੇਰੇ ਹੁੰਦਾ ਹੈ ਜਦੋਂ ਸਿੰਡੀਕੇਟ ਉਨ੍ਹਾਂ ਵੱਲੋਂ ਕੀਤੀ ਨਕਲ ਲਈ ਉਨ੍ਹਾਂ ਦਾ ਪਰਦਾਫ਼ਾਸ਼ ਕਰਨ ਦੀ ਧਮਕੀ ਦਿੰਦੇ ਹਨ। ਸਿੱਖਿਆ ਰੈਗੂਲੇਟਰ TEQSA ਨੇ ਦੱਸਿਆ ਕਿ ਉਸ ਦੀ ਖੁਫੀਆ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਆਸਟ੍ਰੇਲੀਆ ਵਿਚ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਕਈ ਗੈਰ-ਕਾਨੂੰਨੀ ਧੋਖਾਧੜੀ ਸਾਈਟਾਂ ਦੇ ਪਿੱਛੇ ਸੰਗਠਿਤ ਅਪਰਾਧ ਸ਼ਾਮਲ ਹਨ। ਇਸ ਦਾ ਅਨੁਮਾਨ ਹੈ ਕਿ ਲਗਭਗ 8 ਫ਼ੀਸਦੀ ਵਿਦਿਆਰਥੀ ਨਕਲ ਕਰ ਰਹੇ ਹਨ।
2021 ਤੋਂ ਬਾਅਦ ਵੈੱਬਸਾਈਟਾਂ ਨੂੰ ਬੰਦ ਕਰਨ ਵਾਲੀ ਸਰਕਾਰ ਦੀ ਨਵੀਂ ਕਾਰਵਾਈ ਤੋਂ ਬਾਅਦ ਇੰਟਰਨੈੱਟ ਟ੍ਰੈਫਿਕ ਵਿੱਚ ਕਾਫ਼ੀ ਗਿਰਾਵਟ ਆਈ ਹੈ। ਪਰ ਇਹ ਸਿੰਡੀਕੇਟ ਹੁਣ ਆਪਣੇ ਗ਼ੈਰਕਾਨੂੰਨੀ ਕਾਰੋਬਾਰ ਨੂੰ ਅੱਗੇ ਵਧਾਉਣ ਲਈ ਕੈਂਪਸਾਂ, ਵਿਦਿਆਰਥੀ ਚੈਟ ਗਰੁੱਪਾਂ ਅਤੇ ਅਧਿਕਾਰਤ ਯੂਨੀਵਰਸਿਟੀ ਸਟੱਡੀ ਪੋਰਟਲਾਂ ਵਿੱਚ ਘੁਸਪੈਠ ਕਰਨ ਅਤੇ ਪਿਛਲੇ ਗਾਹਕਾਂ ਨੂੰ ਲੁੱਟਣ ਲਈ ਵਧੇਰੇ ਗੁਪਤ ਸਾਧਨਾਂ ਵੱਲ ਮੁੜ ਰਹੇ ਹਨ।
ਥਾਮਸ ਲੈਂਕਾਸਟਰ ਨੇ ਕਿਹਾ ਕਿ ਕੰਟਰੈਕਟ ਧੋਖਾਧੜੀ – ਜਿਸ ਵਿਚ ਵਿਦਿਆਰਥੀ ਕੰਪਨੀਆਂ ਜਾਂ ਵਿਅਕਤੀਆਂ ਨੂੰ ਆਪਣਾ ਅਸੈਸਮੈਂਟ ਬਣਾਉਣ ਲਈ ਭੁਗਤਾਨ ਕਰਦੇ ਹਨ – ਇਕ ਤੇਜ਼ੀ ਨਾਲ ਵਧ ਰਿਹਾ ਗਲੋਬਲ ਕਾਰੋਬਾਰ ਹੈ ਅਤੇ ਕਈ ਵਾਰ ਇਸ ਰਾਹੀਂ ਮਨੀ ਲਾਂਡਰਿੰਗ ਵੀ ਕੀਤੀ ਜਾਂਦੀ ਹੈ। ChatGPT ਵਰਗੇ ਜਨਰੇਟਿਵ AI ਟੂਲਜ਼ ਦਾ ਉਭਾਰ ਇਸ ਨਾਜਾਇਜ਼ ਧੰਦੇ ’ਚ ਸਹਾਇਕ ਸਾਬਤ ਹੋ ਰਿਹਾ ਹੈ।
Deakin University ’ਚ 2022 ਦੌਰਾਨ 514 ਅਜਿਹੇ ਮਾਮਲੇ ਸਾਹਮਣੇ ਆਏ ਸਨ, ਜਦਕਿ ਯੂਨੀਵਰਸਿਟੀ ਆਫ਼ ਮੈਲਬਰਨ ’ਚ 2023 ’ਚ 299, ਯੂਨੀਵਰਸਿਟੀ ਆਫ਼ ਸਿਡਨੀ ’ਚ 940 ਮਾਮਲੇ ਸਾਹਮਣੇ ਆਏ। ਕੁਝ ਯੂਨੀਵਰਸਿਟੀਆਂ ਵੱਲੋਂ ਬਲੈਕਮੇਲ ਦਾ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਵਿਸ਼ੇਸ਼ ਪ੍ਰੋਗਰਾਮ ਵੀ ਚਲਾਏ ਜਾ ਰਹੇ ਹਨ।