ਮੈਲਬਰਨ : ਨਿਊਜ਼ੀਲੈਂਡ ਦੀ ਕੋਅਲੀਜ਼ਨ ਸਰਕਾਰ ਨੇ ਪਿਛਲੀ ਸਰਕਾਰ ਵੱਲੋਂ ਪ੍ਰਸਤਾਵਿਤ ਇੱਕ ਚੋਣ ਕਾਨੂੰਨ ਬਿੱਲ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ, ਜਿਸ ਨਾਲ 16 ਸਾਲ ਦੇ ਨੌਜਵਾਨਾਂ ਨੂੰ ਕੌਂਸਲ ਚੋਣਾਂ ਵਿੱਚ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਜਾਣੀ ਸੀ। ਸਥਾਨਕ ਸਰਕਾਰਾਂ ਬਾਰੇ ਮੰਤਰੀ ਸਿਮੋਨ ਬ੍ਰਾਊਨ ਨੇ ਕਿਹਾ ਕਿ ਸਰਕਾਰ ਅਗਲੇ ਸੰਸਦ ’ਚ ਇਸ ਬਿੱਲ ਨੂੰ ਅੱਗੇ ਵਧਾਉਣ ਦਾ ਇਰਾਦਾ ਨਹੀਂ ਰੱਖਦੀ। ਉਨ੍ਹਾਂ ਦਾ ਮੰਨਣਾ ਹੈ ਕਿ ਵੋਟਿੰਗ ਦੀ ਨਵੀਂ ਉਮਰ ਪ੍ਰਣਾਲੀ ਨੂੰ ਲਾਗੂ ਕਰਨਾ ਕੌਂਸਲਾਂ ਲਈ ਮਹਿੰਗਾ ਸਾਬਤ ਹੋਵੇਗਾ ਅਤੇ ਉਨ੍ਹਾਂ ਧਿਆਨ ਭਟਕੇਗਾ, ਜਿਨ੍ਹਾਂ ਕੋਲ ਪਹਿਲਾਂ ਹੀ ਨਜਿੱਠਣ ਲਈ ਕਾਫ਼ੀ ਮੁੱਦੇ ਹਨ।
ਐਕਟ ਪਾਰਟੀ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਅਤੇ ਵੋਟਿੰਗ ਦੀ ਉਮਰ ਘੱਟ ਕਰਨ ਨੂੰ ਮਾੜਾ ਵਿਚਾਰ ਦੱਸਦਿਆਂ ਆਲੋਚਨਾ ਕੀਤੀ। ਬ੍ਰਾਊਨ ਨੇ ਜ਼ੋਰ ਦੇ ਕੇ ਕਿਹਾ ਕਿ ਟੈਕਸਦਾਤਾ ਅਤੇ ਜਨਤਾ ਉਮੀਦ ਕਰਦੀ ਹੈ ਕਿ ਉਨ੍ਹਾਂ ਦੀਆਂ ਸਥਾਨਕ ਕੌਂਸਲਾਂ ਅਹਿਮ ਮੁੱਦਿਆਂ ‘ਤੇ ਧਿਆਨ ਕੇਂਦਰਿਤ ਕਰਨ। ਉਨ੍ਹਾਂ ਨੇ ਪਿਛਲੀ ਸਰਕਾਰ ਦੇ ਵੋਟ ਪਾਉਣ ਦੀ ਉਮਰ ਘਟਾ ਕੇ 16 ਸਾਲ ਕਰਨ ਦੇ ਪ੍ਰਸਤਾਵ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਜਨਤਾ ਨੂੰ ਅਜਿਹਾ ਕੋਈ ਠੋਸ ਕਾਰਨ ਨਹੀਂ ਦੇ ਸਕੇ।