ਮੈਲਬੌਰਨ: ਇੱਕ 24 ਸਾਲਾਂ ਦੇ ਇੱਕ ਆਸਟ੍ਰੇਲੀਆਈ ਨੌਜੁਆਨ ਨੇ ਸੋਮਵਾਰ ਨੂੰ ਇੱਕ ਅਦਾਲਤ ’ਚ ਖ਼ੁਦ ਨੂੰ ਪੰਜਾਬੀ ਗਾਇਕ ਨਿਰਵੈਰ ਸਿੰਘ ਦੀ ਮੌਤ ਦਾ ਦੋਸ਼ੀ ਮੰਨ ਲਿਆ ਹੈ। 44 ਸਾਲਾਂ ਦੇ ਨਿਰਵੈਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕੋਰੀ ਕੰਪੋਰਟ ਨਸ਼ੇ ਦੀ ਹਾਲਤ ’ਚ ਸੀ ਅਤੇ ਪੁਲਿਸ ਤੋਂ ਬਚਣ ਲਈ 170 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਆਪਣੀ ਜੀਪ ਚਲਾ ਰਿਹਾ ਸੀ। ਉਸ ਦੀ ਜੀਪ ਨਿਰਵੈਰ ਸਿੰਘ ਦੀ ਕਾਰ ਨਾਲ ਟਕਰਾ ਗਈ ਜਦੋਂ ਉਹ ਕੰਮ ’ਤੇ ਜਾ ਰਿਹਾ ਸੀ। ਨਿਰਵੈਰ ਸਿੰਘ ਦੇ ਦੋ ਪੁੱਤਰਾ ਹਨ। ਇਹ ਹਾਦਸਾ ਪਿਛਲੇ ਸਾਲ 30 ਅਗੱਸਤ ਨੂੰ ਮੈਲਬੌਰਨ ਵਿੱਚ ਵਾਪਰਿਆ ਸੀ।
ਵਿਕਟੋਰੀਅਨ ਕਾਉਂਟੀ ਕੋਰਟ ਨੂੰ ਸੂਚਿਤ ਕੀਤਾ ਗਿਆ ਕਿ ਸੜਕ ਕਿਨਾਰੇ ਹੋਏ ਡਰੱਗ ਟੈਸਟ ਵਿੱਚ ਦਿਖਾਇਆ ਗਿਆ ਸੀ ਕਿ ਕੋਰੀ ਕੰਪੋਰਟ GHB, ਮੇਥਾਮਫੇਟਾਮਾਈਨ ਅਤੇ ਕੇਟਾਮਾਈਨ ਡਰੱਗਜ਼ ਦੇ ਨਸ਼ੇ ’ਚ ਸੀ। ਅੰਨ੍ਹੇਵਾਹ ਡਰਾਈਵਿੰਗ ਲਈ ਖ਼ੁਦ ਨੂੰ ਦੋਸ਼ੀ ਮੰਨਦੇ ਹੋਏ, ਕੋਰੀ ਕੰਪੋਰਟ ਅਦਾਲਤ ਵਿੱਚ ਰੋ ਪਿਆ ਅਤੇ ਮੰਨਿਆ ਕਿ ਉਸ ਨੂੰ ਕਦੇ ਵੀ ਅਜਿਹੀ ਹਾਲਤ ’ਚ ਗੱਡੀ ਨਹੀਂ ਚਲਾਉਂਦੇ ਹੋਣਾ ਚਾਹੀਦਾ ਸੀ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੰਪੋਰਟ ਨੇ ਮੰਨਿਆ ਕਿ ਉਸ ਨੂੰ ਅਤੀਤ ਵਿਚ ਮੌਕੇ ਦਿੱਤੇ ਗਏ ਸਨ ਅਤੇ ਉਹ ਆਖਰਕਾਰ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ‘ਆਪਣੀ ਜ਼ਿੰਦਗੀ ਬਦਲਣਾ ਅਤੇ ਇੱਕ ਬਿਹਤਰ ਵਿਅਕਤੀ ਬਣਨਾ’ ਚਾਹੁੰਦਾ ਹੈ। ਕਾਉਂਟੀ ਕੋਰਟ ਦੇ ਜੱਜ ਸਕਾਟ ਜੌਨਸ ਨੇ ਕੇਸ ਦੀ ਸੁਣਵਾਈ ਦਸੰਬਰ ਤਕ ਮੁਲਤਵੀ ਕਰ ਦਿੱਤੀ ਹੈ ਅਤੇ ਉਹ ਹੋਰ ਮਨੋਵਿਗਿਆਨਕ ਸਮੱਗਰੀ ਦੀ ਉਡੀਕ ’ਚ ਹਨ।
ਨਿਰਵੈਰ ਸਿੰਘ ਨੇ ਆਪਣੇ ਗੀਤ ‘ਤੇਰੇ ਬਿਨਾ’ ਨਾਲ ਮਸ਼ਹੂਰੀ ਹਾਸਲ ਕੀਤੀ ਸੀ। ਉਸ ਹੋਰ ਹਿੱਟ ਗੀਤਾਂ ’ਚ ‘ਡਰਦਾ ਆ ਦਿਲ’, ‘ਜੇ ਰੁੱਸਗੀ’, ‘ਫਰਾਰੀ ਡ੍ਰੀਮ’ ਅਤੇ ‘ਹਿੱਕ ਠੋਕ ਕੇ’ ਸ਼ਾਮਲ ਹਨ।