ਭੂਚਾਲ ਦੇ ਝਟਕਿਆਂ ਨਾਲ ਦਹਿਲਿਆ ਵਿਕਟੋਰੀਆ, ਕੋਲੈਕ ਅਤੇ ਅਪੋਲੋ ਬੇ ’ਚ ਸੀ ਕੇਂਦਰ

ਮੈਲਬਰਨ: ਵਿਕਟੋਰੀਆ ਦੇ ਦੱਖਣ-ਪੱਛਮ ’ਚ 5.0 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਵਿਕਟੋਰੀਆ ਦੇ ਹੰਗਾਮੀ ਸੇਵਾਵਾਂ ਵਿਭਾਗ (VIC SES) ਅਨੁਸਾਰ, ਭੂਚਾਲ 22 ਅਕਤੂਬਰ ਨੂੰ ਤੜਕੇ 2:11 ਵਜੇ ਕੋਲੈਕ ਵਿੱਚ ਆਇਆ। 70 ਕਿਲੋਮੀਟਰ ਦੂਰ ਸਵੇਰੇ 5:44 ਵਜੇ ਅਪੋਲੋ ਬੇ ਵਿੱਚ ਵੀ 3.5 ਦੀ ਤੀਬਰਤਾ ਵਾਲਾ ਇੱਕ ਹੋਰ ਝਟਕਾ ਰਿਕਾਰਡ ਕੀਤਾ ਗਿਆ। ਇਹ ਕਈ ਦਹਾਕਿਆਂ ’ਚ ਮਹਿਸੂਸ ਕੀਤਾ ਗਿਆ ਸਭ ਤੋਂ ਵੱਡਾ ਭੂਚਾਲ ਹੈ ਜਿਸ ਨੂੰ ਕੇਂਦਰ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਤਕ ਮਹਿਸੂਸ ਕੀਤਾ ਗਿਆ।

ਜਿਓਸਾਇੰਸ ਆਸਟ੍ਰੇਲੀਆ ਨੂੰ 5000 ਤੋਂ ਵੱਧ ਭੂਚਾਲ ਮਹਿਸੂਸ ਕਰਨ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਹਨ। ਸਰਕਾਰੀ ਏਜੰਸੀ ਦੇ ਨਕਸ਼ੇ ਮੁਤਾਬਕ ਭੂਚਾਲ ਦੇ ਝਟਕੇ ਕਾਫ਼ੀ ਦੂਰ-ਦੁਰਾਡੇ ਦੇ ਲੋਕਾਂ ਨੇ ਵੀ ਮਹਿਸੂਸ ਕੀਤੇ। ਮੈਲਬੌਰਨ ਵਿੱਚ, NSW-ਵਿਕਟੋਰੀਆ ਸਰਹੱਦ ਦੇ ਨੇੜੇ ਅਤੇ ਤਸਮਾਨੀਆ ਵਿੱਚ ਵੀ ਲੋਕਾਂ ਨੇ ਭੂਚਾਲ ਮਹਿਸੂਸ ਕੀਤਾ। ਅਪੋਲੋ ਬੇ ਵਿੱਚ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਕਦੇ ਏਨਾ ਭੂਚਾਲ ਮਹਿਸੂਸ ਨਹੀਂ ਕੀਤਾ ਸੀ। ਭੂਚਾਲ ਵਿਗਿਆਨੀਆਂ ਦਾ ਕਹਿਣਾ ਹੈ ਕਿ ਵੱਡੇ ਭੂਚਾਲ ਤੋਂ ਬਾਅਦ ਕਈ ਮਹੀਨਿਆਂ ਤਕ ਛੋਟੇ ਭੂਚਾਲ ਆਉਂਦੇ ਰਹਿੰਦੇ ਹਨ, ਇਸ ਲਈ ਲੋਕਾਂ ਨੂੰ ਤਿਆਰ ਰਹਿਣਾ ਚਾਹੀਦਾ ਹੈ।

ਇਕ ਔਰਤ ਨੇ ਕਿਹਾ, ‘‘ਮੇਰਾ ਸਾਰਾ ਘਰ ਹਿੱਲ ਰਿਹਾ ਸੀ।’’ ਇੱਕ ਹੋਰ ਨਿਵਾਸੀ ਨੇ ਕਿਹਾ, ‘‘ਮੈਂ ਸੋਚਿਆ ਕਿ ਇੱਕ ਦਰੱਖਤ (ਛੱਤ ਉੱਤੇ) ਡਿੱਗਿਆ ਹੈ।’’ ਇਕ ਹੋਰ ਨੇ ਲਿਖਿਆ, ‘‘ਮੇਰੇ ਘਰ ਦਾ ਸਾਰਾ ਸਾਮਾਨ ਡਿੱਗ ਗਿਆ, ਇਹ ਬਹੁਤ ਤਕੜਾ ਭੂਚਾਲ ਸੀ।’’ VIC SES ਨੂੰ ਮਦਦ ਲਈ ਕਈ ਕਾਲਾਂ ਪ੍ਰਾਪਤ ਹੋਈਆਂ ਹਨ ਹਾਲਾਂਕਿ ਹੁਣ ਤੱਕ ਸਿਰਫ ਮਾਮੂਲੀ ਨੁਕਸਾਨ ਦੀ ਰਿਪੋਰਟ ਕੀਤੀ ਗਈ ਹੈ। ਭੂਚਾਲ ਦੇ ਕੇਂਦਰ ’ਚ ਇੱਕ ਪਾਣੀ ਦੀ ਟੈਂਕੀ ਅਤੇ 200 ਕਿਲੋਮੀਟਰ ਦੂਰ ਇੱਕ ਕੰਧ ਦੇ ਭੂਚਾਲ ਕਾਰਨ ਟੁੱਟਣ ਦੀ ਖ਼ਬਰ ਹੈ। ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।

Leave a Comment