ਤਿੱਬਤ ’ਚ ਜ਼ਬਰਦਸਤ ਭੂਚਾਲ, ਘੱਟ ਤੋਂ ਘੱਟ 126 ਲੋਕਾਂ ਦੀ ਮੌਤ, ਭਾਰਤ ’ਚ ਵੀ ਮਹਿਸੂਸ ਕੀਤੇ ਗਏ ਝਟਕੇ

ਮੈਲਬਰਨ : ਚੀਨ ’ਚ ਸਥਿਤ ਤਿੱਬਤ ਦੇ Shigatse ਖੇਤਰ ਨੇੜੇ ਹਿਮਾਲਿਆ ’ਚ ਮੰਗਲਵਾਰ ਨੂੰ 6.8 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ’ਚ ਘੱਟੋ-ਘੱਟ 126 ਲੋਕਾਂ ਦੀ ਮੌਤ ਹੋ ਗਈ ਅਤੇ 62 ਹੋਰ ਜ਼ਖਮੀ ਹੋ ਗਏ। ਭੂਚਾਲ ਦਾ ਕੇਂਦਰ ਟਿੰਗਰੀ ਕਾਊਂਟੀ ’ਚ ਸੀ। ਇਸ ਦਾ ਅਸਰ ਗੁਆਂਢੀ ਨੇਪਾਲ, ਭੂਟਾਨ ਅਤੇ ਭਾਰਤ ’ਚ ਵੀ ਮਹਿਸੂਸ ਕੀਤਾ ਗਿਆ। ਭਾਰਤੀ ਅਤੇ ਯੂਰੇਸ਼ੀਅਨ ਟੈਕਟੋਨਿਕ ਪਲੇਟਾਂ ਦੇ ਟਕਰਾਅ ਕਾਰਨ ਇਸ ਖੇਤਰ ਵਿੱਚ ਭੂਚਾਲ ਆਉਣ ਦਾ ਖਤਰਾ ਰਹਿੰਦਾ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਜਾਨੀ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਲਈ ਖੋਜ ਅਤੇ ਬਚਾਅ ਕਾਰਜਾਂ ਦੀ ਅਪੀਲ ਕੀਤੀ ਹੈ। ਭੂਚਾਲ ਦੇ ਕੇਂਦਰ ਤੋਂ 20 ਕਿਲੋਮੀਟਰ ਦੇ ਘੇਰੇ ’ਚ ਤਿੰਨ ਸ਼ਹਿਰ ਅਤੇ 37 ਪਿੰਡ ਹਨ, ਜਿਨ੍ਹਾਂ ’ਚ ਕੁੱਲ 6900 ਲੋਕ ਰਹਿੰਦੇ ਹਨ।