ਮੈਲਬਰਨ : ਭਾਰਤੀ ਮੂਲ ਦੇ ਤਰੁਣ ਮਾਰਵਾਹ ਨੂੰ ਰੀਅਲ ਅਸਟੇਟ ਇੰਸਟੀਚਿਊਟ ਆਫ਼ ਨਿਊਜ਼ੀਲੈਂਡ (REINZ) ਨੇ ‘ਇੰਡਸਟਰੀਅਲ ਐਂਡ ਕਮਰਸ਼ੀਅਲ ਰਾਈਜ਼ਿੰਗ ਸਟਾਰ ਅਵਾਰਡ’ ਨਾਲ ਸਨਮਾਨਤ ਕੀਤਾ ਹੈ। REINZ ਨਿਊਜ਼ੀਲੈਂਡ ਦੀ ਸਭ ਤੋਂ ਵੱਡੀ ਰੀਅਲ ਅਸਟੇਟ ਸੰਸਥਾ ਹੈ। ਉਸ ਨੇ ਛੋਟੀ ਉਮਰ ’ਚ ਆਕਲੈਂਡ ਦੇ ਵਪਾਰਕ ਦ੍ਰਿਸ਼ ’ਤੇ ਵੱਡਾ ਅਸਰ ਪਾਇਆ ਹੈ, ਪ੍ਰਮੁੱਖ ਗਾਹਕਾਂ ਲਈ ਲੀਜ਼ ਸੁਰੱਖਿਅਤ ਕੀਤੇ ਹਨ ਅਤੇ ਸ਼ਹਿਰ ਦੇ ਭੋਜਨ ਦ੍ਰਿਸ਼ ਨੂੰ ਮੁੜ ਸੁਰਜੀਤ ਕੀਤਾ ਹੈ।
ਦਿਲਚਸਪ ਗੱਲ ਹੈ ਕਿ ਦਿੱਲੀ ਤੋਂ ਆਏ ਤਰੁਣ ਮਾਰਵਾਹ ਨੇ 17 ਸਾਲ ਦੀ ਉਮਰ ’ਚ ਆਪਣੇ ਪਰਿਵਾਰ ਦੇ ਕਾਰੋਬਾਰ ਤੋਂ ਰੀਅਲ ਅਸਟੇਟ ਦਾ ਕਾਰੋਬਾਰ ਸਿੱਖਣ ਲਈ ਯੂਨੀਵਰਸਿਟੀ ਦੀ ਪੜ੍ਹਾਈ ਛੱਡ ਦਿੱਤੀ ਸੀ। ਬਾਅਦ ਵਿੱਚ ਉਹ ਨਿਊਜ਼ੀਲੈਂਡ ਦੇ ਸ਼ਾਂਤ ਅਤੇ ਸੁਰੱਖਿਅਤ ਮਾਹੌਲ ਤੋਂ ਪ੍ਰਭਾਵਤ ਹੋ ਕੇ ਇੱਥੇ ਕਾਰੋਬਾਰ ਅਤੇ ਮਾਰਕੀਟਿੰਗ ਦੀ ਪੜ੍ਹਾੲੀ ਕਰਨ ਲਈ ਆ ਗਿਆ। ਲਗਜ਼ਰੀ ਹੋਟਲ ਇੰਡਸਟਰੀ ਵਿੱਚ ਕੰਮ ਕਰਨ ਤੋਂ ਬਾਅਦ, ਤਰੁਣ 2023 ਵਿੱਚ ਜੇਮਜ਼ ਲਾਅ ਰੀਐਲਿਟੀ ਫ਼ਰਮ ਵਿੱਚ ਸ਼ਾਮਲ ਹੋ ਗਿਆ ਅਤੇ ਛੇਤੀ ਹੀ ਤਰੱਕੀ ਕਰਦਿਆਂ, ਸਿਰਫ 18 ਮਹੀਨਿਆਂ ਵਿੱਚ ਆਕਲੈਂਡ ਦੇ ਚੋਟੀ ਦੇ ਏਜੰਟਾਂ ਵਿੱਚੋਂ ਇੱਕ ਬਣ ਗਿਆ। ਉਸ ਨੇ ਆਪਣੇ ਪਹਿਲੇ ਛੇ ਮਹੀਨਿਆਂ ਦੌਰਾਨ ਲੱਖਾਂ ਡਾਲਰ ਦੀ ਕਮਾਈ ਕੀਤੀ।
ਤਰੁਣ ਨੇ ਆਪਣੇ ਪਰਿਵਾਰ, ਜੋ ਅਜੇ ਵੀ ਭਾਰਤ ਵਿੱਚ ਰਹਿੰਦੇ ਹਨ, ਨੂੰ ਉਨ੍ਹਾਂ ਦੇ ਨਿਰੰਤਰ ਸਮਰਥਨ ਅਤੇ ਉਤਸ਼ਾਹ ਦਾ ਸਿਹਰਾ ਦਿੱਤਾ। ਉਹ ਆਪਣੀਆਂ ਪ੍ਰਾਪਤੀਆਂ ਨੂੰ ਆਪਣੀ ਸਖਤ ਮਿਹਨਤ ਅਤੇ ਦ੍ਰਿੜ ਇਰਾਦੇ ਦਾ ਸਬੂਤ ਮੰਨਦੇ ਹੋਏ ਕਹਿੰਦੇ ਹਨ, ‘ਹਰ ਪ੍ਰਾਪਤੀ ਔਕੜਾਂ ‘ਤੇ ਜਿੱਤ ਦੀ ਤਰ੍ਹਾਂ ਮਹਿਸੂਸ ਹੁੰਦੀ ਹੈ।’