ਮੈਲਬਰਨ : ਮੈਲਬਰਨ ਦੇ ਦੱਖਣ-ਪੂਰਬੀ ਇਲਾਕੇ ’ਚ ਇੱਕ 58 ਸਾਲ ਦੇ ਵਿਅਕਤੀ ਨੂੰ ਇੱਕ ਨੌਜਵਾਨ ਨੇ ਢਿੱਡ ’ਚ ਗੋਲੀ ਮਾਰ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ, ਜਿਸ ਦੀ ਹਾਲਤ ਨਾਜ਼ੁਕ ਪਰ ਸਥਿਰ ਹੈ।
ਪੁਲਿਸ ਨੇ ਦੱਸਿਆ ਕਿ ਉਸ ਦੀ 21 ਸਾਲ ਦੀ ਬੇਟੀ Blessing Valla ਰਾਤ ਕਰੀਬ 12:25 ਵਜੇ Cranbourne East ਵਿੱਚ ਗੱਡੀ ਚਲਾ ਰਹੀ ਸੀ ਜਦੋਂ ਉਸ ਨੇ ਇੱਕ ਅਣਪਛਾਤੇ ਵਿਅਕਤੀ ਨੂੰ ਇੱਕ ਚਿੱਟੇ ਸਟੇਸ਼ਨ ਵੈਗਨ ਦੇ ਅੰਦਰ ਉਸ ਦਾ ਪਿੱਛਾ ਕਰਦੇ ਦੇਖਿਆ। ਜਦੋਂ ਉਸ ਨੇ ਆਪਣੇ ਪਿਤਾ Victor ਨੂੰ ਇਸ ਬਾਰੇ ਕਾਲ ਕੀਤੀ ਤਾਂ ਉਸ ਨੇ ਆਪਣੀ ਬੇਟੀ ਨੂੰ ਤੁਰੰਤ ਘਰ ਆਉਣ ਲਈ ਕਿਹਾ, ਜਿੱਥੇ ਉਹ ਬਾਹਰ ਖੜ੍ਹਾ ਉਸ ਦੀ ਉਡੀਕ ਕਰ ਰਿਹਾ ਸੀ। ਡਿਟੈਕਟਿਵ ਐਕਟਿੰਗ ਸੁਪਰਡੈਂਟ Mick Daly ਨੇ ਕਿਹਾ ਕਿ ਜਦੋਂ ਕੁੜੀ ਘਰ ਪਰਤੀ ਤਾਂ ਵੀ ਗੱਡੀ ਉਸ ਦਾ ਪਿੱਛਾ ਕਰ ਰਹੀ ਸੀ। ਜਦੋਂ ਕੁੜੀ ਦਾ ਪਿਤਾ ਕਾਰ ਨੇੜੇ ਪਹੁੰਚਿਆ ਤਾਂ ਦੋਹਾਂ ਦਾ ਝਗੜਾ ਹੋ ਗਿਆ ਜਿਸ ਤੋਂ ਬਾਅਦ ਡਰਾਈਵਰ ਨੇ ਪਿਤਾ ਨੂੰ ਗੋਲੀ ਮਾਰ ਦਿੱਤੀ ਅਤੇ ਖ਼ੁਦ ਮੌਕੇ ਤੋਂ ਫਰਾਰ ਹੋ ਗਿਆ।
ਵਿਅਕਤੀ ਦੀ ਧੀ ਨੇ ਤੁਰੰਤ ਟ੍ਰਿਪਲ ਜ਼ੀਰੋ ’ਤੇ ਫੋਨ ਕੀਤਾ ਅਤੇ ਗੁਆਂਢੀਆਂ ਨੇ ਤੁਰੰਤ ਉਸ ਵਿਅਕਤੀ ਦੀ ਮਦਦ ਕੀਤੀ, ਜਿਸ ਤੋਂ ਬਾਅਦ ਉਸ ਨੂੰ ਗੰਭੀਰ ਪਰ ਗੈਰ-ਜਾਨਲੇਵਾ ਜ਼ਖ਼ਮਾਂ ਨਾਲ ਹਸਪਤਾਲ ਲਿਜਾਇਆ ਗਿਆ। ਮ੍ਰਿਤਕ ਦੀ ਸਾਬਕਾ ਪਤਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗੋਲੀਬਾਰੀ ਬਿਨਾਂ ਕਿਸੇ ਉਕਸਾਵੇ ਦੇ ਕੀਤੀ ਗਈ। ਉਸ ਨੇ ਕਿਹਾ, ‘‘ਮੇਰੀ ਧੀ ਨੇ ਇਹ ਸਭ ਵੇਖਿਆ। ਉਹ ਕਹਿ ਰਹੀ ਸੀ ਕਿ ‘ਡੈਡੀ, ਡੈਡੀ, ਨਾ ਜਾਓ।’ ਉਸ ਨੇ ਮੈਨੂੰ ਦੱਸਿਆ ਡੈਡੀ ਨੇ ਮੇਰੇ ਲਈ ਆਪਣੀ ਜਾਨ ਨੂੰ ਖ਼ਤਰੇ ’ਚ ਪਾ ਦਿੱਤਾ।’’
ਪੁਲਿਸ ਗੋਲੀਬਾਰੀ ਨੂੰ ‘ਬਗ਼ੈਰ ਸੋਚਿਆ ਸਮਝਿਆ ਹਮਲਾ’ ਮੰਨ ਰਹੀ ਹੈ। ਪੁਲਿਸ ਦੇ ਜਾਸੂਸ ਕਿਸੇ ਵੀ ਅਜਿਹੇ ਵਿਅਕਤੀ ਨਾਲ ਗੱਲ ਕਰਨ ਲਈ ਉਤਸੁਕ ਹਨ ਜਿਸ ਕੋਲ ਘਟਨਾ ਬਾਰੇ ਜਾਣਕਾਰੀ ਹੈ ਜਾਂ ਜਿਸ ਨੇ ਖੇਤਰ ਵਿੱਚ ਕੋਈ ਸ਼ੱਕੀ ਗਤੀਵਿਧੀ ਵੇਖੀ ਹੋ ਸਕਦੀ ਹੈ, ਖਾਸ ਕਰ ਕੇ ਚਿੱਟੀ ਗੱਡੀ ਨਾਲ ਸਬੰਧਤ।