ਹਕੂਮਤ ਨਾਲ ਲੜਾਈਆਂ ਦਾ ਮੁੱਢ ਬੰਨਣ ਵਾਲੇ: ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ (Sri Guru Hargobind ji)

ਮੈਲਬਰਨ: ਅਵਤਾਰ ਪੁਰਬ ‘ਤੇ ਵਿਸ਼ੇਸ਼

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ (Sri Guru Hargobind ji) ਨੇ 21 ਹਾੜ੍ਹ ਸੰਮਤ1652 ਮੁਤਾਬਕ 19 ਜੂਨ1595 ਈ. ਨੂੰ ਗੁਰੂ ਕੀ ਵਡਾਲੀ ਵਿਖੇੇ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਗ੍ਰਹਿ ਅਵਤਾਰ ਧਾਰਿਆ।ਸ੍ਰੀ ਗੁਰੂ ਅਰਜਨ ਦੇਵ ਜੀ, 30 ਮਈ 1606 ਈਸਵੀ ਸੰਨ ਮੁਤਾਬਕ ਸੰਮਤ 1663ਦੇ ਹਾੜ ਮਹੀਨੇ ਦੀ ਪਹਿਲੀ ਤ੍ਰੀਕ ਨੂੰ ਸ਼ਹੀਦ ਹੋ ਗਏ ਸਨ। ਉਨ੍ਹਾਂ ਦੀ ਸ਼ਹਾਦਤ ਸਿੱਖ ਲਹਿਰ ਲਈ ਇਕ ਬਹੁਤ ਵੱਡੀ ਚੁਣੌਤੀ ਸੀ, ਜਿਸ ਨੂੰ ਆਪ ਨੇ ਸਵੀਕਾਰ ਕੀਤਾ।

ਗੁਰੂ ਹਰਿਗੋਬਿੰਦ ਸਾਹਿਬ (Sri Guru Hargobind ji) ਨੇ ਦਿੱਲੀ ਅਤੇ ਲਾਹੌਰ ਦੇ ਤਖ਼ਤਾਂ ਦੀ ਸ਼ਕਤੀ ਨੂੰ ਰੱਦ ਕਰਕੇ ਅੰਮ੍ਰਿਤਸਰ ਵਿਖੇ ਸ੍ਰੀ ਅਕਾਲ ਤਖ਼ਤ ਦੀ ਸਥਾਪਨਾ ਹਾੜ ਸੁਦੀ ਪੰਚਮੀ, ਸੰਮਤ 1763 ਬਿ. ਮੁਤਾਬਕ15 ਜੂਨ 1606 ਈ. ਵਿੱਚ ਕੀਤੀ ਗਈ। ਸਮੁੱਚੇ ਹਥਿਆਰਬੰਦ ਸਿੱਖਾਂ ਨੂੰ ਚਾਰ ਜੱਥਿਆਂ ਵਿੱਚ ਜੱਥੇਬੰਦ ਕੀਤਾ ਗਿਆ। ਇਨ੍ਹਾਂ ਚਾਰ ਜੱਥਿਆਂ ਦੇ ਜਥੇਦਾਰ ਸਨ : ਭਾਈ ਬਿਧੀ ਚੰਦ, ਪੈਂਦੇ ਖਾਂ, ਭਾਈ ਪਿਰਾਨਾ ਅਤੇ ਭਾਈ ਜੇਠਾ। ਕੁਝ ਲਿਖਤਾਂ ਵਿੱਚ ਇਨ੍ਹਾਂ ਜੱਥਿਆਂ ਦੀ ਗਿਣਤੀ ਪੰਜ ਦੱਸੀ ਗਈ ਹੈ।ਪੰਜਵੇਂ ਜੱਥੇ ਦੀ ਜੱਥੇਦਾਰੀ ਭਾਈ ਲੰਗਾਹਾ ਕੋਲ ਸੀ। ਅੰਮ੍ਰਿਤਸਰ ਨਗਰ ਦੀ ਚਹੁੰ ਤਰਫੋਂ ਕਿਲਾਬੰਦੀ ਕੀਤੀ ਗਈ ਤਾਂ ਕਿ ਕੋਈ ਗੁਰੂ ਘਰ ਦਾ ਦੋਖੀ ਨਗਰ ਉਪਰ ਅਚਾਨਕ ਹਮਲਾ ਨਾ ਕਰ ਸਕੇ। ਲੋਹਗੜ੍ਹ ਨਾਮੀਂ ਇੱਕ ਕਿਲ੍ਹਾ ਤਿਆਰ ਕੀਤਾ ਗਿਆ ਜਿੱਥੇ ਗੁਰੂ ਜੀ ਦੇ ਘੋੜ ਸੁਆਰ ਸਿੱਖ ਰਿਹਾ ਕਰਦੇ ਸਨ। ਇਹ ਸਭਤਿਆਰੀਆਂ ਗੁਰਿਆਈ ਤਿਲਕ ਧਾਰਨ ਕਰਨ ਦੇ ਤੁਰੰਤ ਬਾਅਦ ਹੀ ਕੀਤੀਆਂ ਗਈਆਂ ਸਨ।

ਗੁਰੂ ਹਰਿਗੋਬਿੰਦ ਸਾਹਿਬ (Sri Guru Hargobind ji) ਦੀਆਂ ਹਕੂਮਤ ਨਾਲ ਲੜਾਈਆਂ :

ਬਾਦਸ਼ਾਹ ਜਹਾਂਗੀਰ ਦਾ ਪਿਛਲਾ ਸਾਰਾ ਸਮਾਂ ਗੁਰੂ ਘਰ ਪ੍ਰਤੀ ਦੋਸਤਾਨਾ ਸੀ। ਪਰ ਉਸ ਦੀ ਮੌਤ ਬਾਅਦ ਜਦੋਂ ਉਸ ਦਾ ਪੁੱਤਰ ਸ਼ਾਹ ਜਹਾਨ ਬਾਦਸ਼ਾਹ ਬਣਿਆ ਤਾਂ ਗੁਰੂ ਸਾਹਿਬ ਨੂੰ ਲੜਾਈਆਂ ਦਾ ਸਮਾਂ ਦੇਖਣਾ ਪਿਆ। ਇਹ ਲੜਾਈਆਂ ਉਸ ਦੇ ਮੁੱਢਲੇ ਸਮੇਂ ਵਿੱਚ ਹੀ ਹੋਈਆਂ ਸਨ।ਇਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ :-

ਪਹਿਲੀ ਲੜਾਈ :-

ਇਹ ਗੱਲ ਅਪ੍ਰੈਲ, 1629 ਈ. ਦੀ ਹੈ। ਉਧਰ ਗੁਰੂ ਜੀ (Sri Guru Hargobind ji) ਆਪਣੀ ਬੇਟੀ ਬੀਬੀ ਵੀਰੋ ਜੀ ਦੇ ਵਿਆਹ ਦੀਆਂ ਰਸਮਾਂ ਵਿੱਚ ਰੁੱਝੇ ਹੋਏ ਸਨ। ਅਚਨਚੇਤ ਗੁਰੂ ਜੀ ਉਪਰ ਹਮਲਾ ਕੀਤਾ ਗਿਆ। ਜਿੰਨੀਆਂ ਕੁ ਸਿੱਖ ਸੰਗਤਾਂ ਅੰਮ੍ਰਿਤਸਰ ਵਿਖੇ ਸਨ ਉਨ੍ਹਾਂ ਨੇ ਪੂਰੀ ਦ੍ਰਿੜਤਾ ਨਾਲ ਹਮਲਾਵਰ ਫੌਜ ਦਾ ਮੁਕਾਬਲਾ ਕੀਤਾ। ਇਸ ਝੜਪ ਵਿੱਚ ਗੁਰੂ ਜੀ ਦਾ ਘਰਬਾਰ ਤੇ ਲੜਕੀ ਦੀ ਸ਼ਾਦੀ ਲਈ ਤਿਆਰ ਕੀਤਾ ਸਮਾਨ ਲੁੱਟ ਲਿਆ ਗਿਆ ਸੀ। ਸ਼ਾਦੀ ਝਬਾਲ ਵਿਖੇ ਕੀਤੀ ਗਈ ਸੀ। ਇਹ ਲੜਾਈ ਅੰਮ੍ਰਿਤਸਰ ਵਿਖੇ, ਜਿੱਥੇ ਹੁਣ ਖਾਲਸਾ ਕਾਲਜ ਹੈ ਉਸ ਅਸਥਾਨ ‘ਤੇ ਲੜੀ ਗਈ ਸੀ। ਭਾਵੇਂ ਗੋਕਲ ਚੰਦ ਨਾਰੰਗ ਨੇ ਇਸ ਲੜਾਈ ਦਾ ਅਸਥਾਨ ਵਡਾਲੀ ਪਿੰਡ ਦੱਸਿਆ ਹੈ। ਪਰ ਵਡਾਲੀ ਦਾ ਵੀ ਖਾਲਸਾ ਕਾਲਜ ਵਾਲੀ ਥਾਂ ਤੋਂ ਕੋਈ ਜ਼ਿਆਦਾ ਫਰਕ ਨਹੀਂ ਹੈ। ਕੁਝ ਲਿਖਾਰੀਆਂ ਦਾ ਕਹਿਣਾ ਹੈ ਕਿ ਇਹ ਲੜਾਈ ਪਿੰਡ ਗੁਮਟਾਲੇ ਦੇ ਨੇੜੇ ਗੁਰਦੁਆਰਾ ਪਲਾਹ ਸਾਹਿਬ ਬਣਿਆ ਹੈ, ਉਸ ਅਸਥਾਨ ‘ਤੇ ਲੜੀ ਗਈ ਸੀ।ਗੁਰੂ ਜੀ ਦੇ ਸਿੱਖਾਂ ਵੱਲੋਂ ਜੋ ਸਿੱਖ ਸ਼ਹੀਦ ਹੋਏ ਸਨ ਉਨ੍ਹਾਂ ਦੀ ਗਿਣਤੀ ਤੇਰ੍ਹਾਂ ਦੱਸੀ ਗਈ ਹੈ ਅਤੇ ਇਨ੍ਹਾਂ ਦੇ ਨਾਂ ਇਉਂ ਹਨ, ਭਾਈ ਨੰਦ ਜੀ, ਭਾਈ ਜੈਤਾ ਜੀ, ਭਾਈ ਪਿਰਾਣਾ, ਭਾਈ ਤੋਤਾ, ਭਾਈ ਤਿਲੋਕਾ, ਭਾਈ ਸਾਂਈ ਦਾਸ, ਭਾਈ ਪੈੜਾ, ਭਾਈ ਭਗਤੂ, ਭਾਈ ਅਨੰਤਾ, ਭਾਈ ਨਿਹਾਲਾ, ਭਾਈ ਤਖ਼ਤੂ, ਭਾਈ ਮੋਹਨ ਅਤੇ ਭਾਈ ਗੋਪਾਲ ਜੀ।ਇਸ ਲੜਾਈ ਦਾ ਕਾਰਨ ਸ਼ਾਹੀ ਬਾਜ ਦਾ ਗੁਰੂ ਜੀ ਦੇ ਬਾਜ ਨਾਲ ਸਿੱਖਾਂ ਦੇ ਕੋਲ ਆ ਜਾਣਾ ਸੀ।

ਦੂਜੀ ਜੰਗ, ਹਰਿਗੋਬਿੰਦਪੁਰ :-

ਭਗਵਾਨ ਦਾਸ ਦੇ ਪੁੱਤਰ ਰਤਨ ਚੰਦ ਨੇ ਜਲੰਧਰ ਦੇ ਫ਼ੌਜਦਾਰ ਅਬਦੁੱਲਾ ਖ਼ਾਨ ਵੱਲ ਕਹਾਣੀ ਬਣਾ ਕੇ ਭੇਜੀ ਕਿ ਗੁਰੂ ਨੇ ਭਗਵਾਨ ਦਾਸ ਨੂੰ ਮਰਵਾ ਦਿੱਤਾ ਹੈ। ਗੁਰੂ ਜੀ (Sri Guru Hargobind ji) ਦੀ ਵੱਧ ਰਹੀ ਤਾਕਤ ਨੂੰ ਰੋਕਣਾ ਜ਼ਰੂਰੀ ਹੈ। ਅਬਦੁੱਲਾ ਖ਼ਾਨ ਨੇ ਗੁਰੂ ਹਰਿਗੋਬਿੰਦ ਜੀ (Sri Guru Hargobind ji) ਵਿਰੁੱਧ ਫ਼ੌਜ ਚੜ੍ਹਾ ਆਂਦੀ ਅਤੇ ਸ਼ਰਤ ਪੇਸ਼ ਕੀਤੀ ਕਿ ਇਲਾਕਾ ਛੱਡ ਜਾਓ ਜਾਂ ਲੜਾਈ ਲਈ ਤਿਆਰ ਹੋ ਜਾਓ। ਗੁਰੂ ਜੀ ਨੇ ਧਮਕੀ ਹੇਠਾਂ ਇਲਾਕਾ ਛੱਡਣ ਤੋਂ ਸਾਫ਼ ਇਨਕਾਰ ਕੀਤਾ। ਰਤਨ ਚੰਦ ਅਤੇ ਅਬਦੁੱਲਾ ਖ਼ਾਨ ਦੀ ਫ਼ੌਜ ਦਾ ਸਿੱਖਾਂ ਨੇ ਡਟ ਕੇ ਮੁਕਾਬਲਾ ਕੀਤਾ। ਬਾਬਾ ਗੁਰਦਿੱਤਾ ਜੀ ਨੇ ਚੰਗੀ ਤਲਵਾਰ ਚਲਾਈ।
ਰਤਨ ਚੰਦ ਤੇ ਅਬਦੁੱਲਾ ਖ਼ਾਨ ਦੋਵੇਂ ਮਾਰੇ ਗਏ। ਇਹ ਜੰਗ 1630 ਈ. ਵਿੱਚ ਕਰਤਾਰਪੁਰ ਹੀ ਹੋਈ। ਅਬਦੁੱਲਾ ਖ਼ਾਨ ਦੇ ਪੁੱਤਰ ਨੇ ਸ਼ਾਹਜਹਾਨ ਪਾਸ ਅਪੀਲ ਭੇਜੀ ਕਿ ਗੁਰੂ ਹਰਿਗੋਬਿੰਦ ਵਿਰੁੱਧ ਜੰਗ ਕਰਨ ਲਈ ਫ਼ੌਜ ਭੇਜੋ। ਸ਼ਾਹਜਹਾਨ ਨੇ ਉਸ ਅਪੀਲ ਨੂੰ ਇਹ ਕਹਿ ਕੇ ਰੱਦ ਦਿੱਤਾ ਕਿ ਅਬਦੁੱਲਾ ਖ਼ਾਨ ਨੇ ਆਪ-ਹੁਦਰੀ ਲੜਾਈ ਛੇੜੀ ਸੀ। ਸ਼ਾਹੀ ਹੁਕਮ ਦੀ ਪ੍ਰਵਾਨਗੀ ਨਹੀਂ ਲਈ ਸੀ। ਇੱਥੋਂ ਤੱਕ ਕਿ ਕੋਈ ਮੁਆਵਜ਼ਾ ਦੇਣ ਤੋਂ ਵੀ ਇਨਕਾਰ ਕਰ ਦਿੱਤਾ।ਅਬਦੁੱਲਾ ਦੀ ਸਗੋਂ ਸਭ ਜਾਇਦਾਦ ਵੀ ਜ਼ਬਤ ਕਰ ਲਈ ਗਈ।

ਤੀਜੀ ਜੰਗ, 1631 ਈ. ਵਿੱਚ ਨਥਾਣਾ ਦੇ ਅਸਥਾਨ ਉੱਤੇ :-

ਗੁਰੂ ਜੀ ਨੇ ਹਰਿਗੋਬਿੰਦਪੁਰ ਦੀ ਜੰਗ ਉਪਰੰਤ ਫਿਰ ਪ੍ਰਚਾਰ ਵੱਲ ਧਿਆਨ ਦੇਣਾ ਸ਼ੁਰੂ ਕੀਤਾ। ਉਸ ਸਾਲ ਬਾਬਾ ਬੁੱਢਾ ਜੀ ਦੇ ਢਿੱਲੇ ਹੋਣ ਦਾ ਪਤਾ ਲੱਗਿਆ ਤਾਂ ਆਪ ਰਾਮਦਾਸਪੁਰ ਪੁੱਜੇ। ਬਾਬਾ ਜੀ ਦੇ ਅਕਾਲ ਚਲਾਣੇ ‘ਤੇ ਉੱਥੇ ਹੀ ਆਪ ਨੇ ਆਪਣੇ ਹੱਥੀਂ ਬਾਬਾ ਬੁੱਢਾ ਜੀ ਦਾ ਸਸਕਾਰ ਕੀਤਾ। ਉਥੇ ਹੀ ਕਾਬਲ ਤੋਂ ਆਏ ਇੱਕ ਮਸੰਦ ਸਾਧ ਨੇ ਦੱਸਿਆ ਕਿ ਉਹ ਆਪ ਜੀ ਦੀ ਭੇਟ ਲਈ ਦੋ ਘੋੜੇ ਲਿਆ ਰਿਹਾ ਸੀ ਤੇ ਲਾਹੌਰ ਦੇ ਨਵਾਬ ਅਨਾਇਤ ਉੱਲਾ ਖ਼ਾਨ ਦੇ ਕਹਿਣ ਫ਼ੌਜਦਾਰ ਲੱਲਾ ਬੇਗ ਨੇ ਖੋਹ ਲਏ ਹਨ। ਭਾਈ ਬਿਧੀ ਚੰਦ ਜੀ ਨੇ ਇਹ ਕੰਮ ਆਪਣੇ ਜ਼ਿੰਮੇ ਲਿਆ ਤੇ ਉਨ੍ਹਾਂ ਦੋਵੇਂ ਘੋੜੇ ਵਾਪਸ ਲੈ ਆਂਦੇ। ਲੱਲਾ ਬੇਗ ਤੇ ਜਲੰਧਰ ਦੇ ਫ਼ੌਜਦਾਰ ਕਮਰ ਬੇਗ ਨੇ ਆਪਣੀ ਹੇਠੀ ਸਮਝੀ ਤੇ ਇੱਕ ਤਕੜੀ ਫ਼ੌਜ ਲੈ ਕੇ ਗੁਰੂ ਜੀ ਉੱਤੇ ਧਾਵਾ ਬੋਲ ਦਿੱਤਾ। ਨਥਾਣਾ ਤੇ ਮਹਿਰਾਜ ਦੇ ਲਾਗੇ, ਗੁਰੂ ਨਾਥ ਦੀ ਢੱਬ ਉੱਤੇ ਘਮਸਾਣ ਦੀ ਜੰਗ ਹੋਈ ਤੇ ਇੱਕ ਅੰਦਾਜ਼ੇ ਮੁਤਾਬਕ 1200 ਆਦਮੀ ਦੋਵੇਂ ਧਿਰਾਂ ਦੇ ਮਾਰੇ ਗਏ। ਲੱਲਾ ਬੇਗ ਤੇ ਕਮਰ ਬੇਗ ਵੀ ਉਸ ਜੰਗ ਵਿੱਚ ਕੰਮ ਆਏ। ਉਸ ਇਲਾਕੇ ਦੇ ਰਾਇ ਜੋਧੇ ਨੇ ਗੁਰੂ ਜੀ (Sri Guru Hargobind ji) ਦੀ ਮਦਦ ਕੀਤੀ। ਗੁਰੂ ਜੀ ਨੇ ਜੰਗ ਦੀ ਜਿੱਤ ਵਜੋਂ ਇੱਕ ਸਰ (ਤਲਾਅ) ਬਣਾਇਆ, ਜਿਸ ਨੂੰ ‘ਗੁਰੂ ਸਰ’ ਦਾ ਨਾਮ ਦਿੱਤਾ ਗਿਆ।

ਚੌਥੀ ਜੰਗ, 1634 ਈ. ਵਿੱਚ :-

ਗੁਰੂ ਜੀ ਨੇ ਮਾਲਵੇ ਵਿੱਚ ਪ੍ਰਚਾਰ ਉਸੇ ਤਰ੍ਹਾਂ ਜਾਰੀ ਰੱਖਿਆ ਅਤੇ ਸੰਨ 1632 ਈ. ਨੂੰ ਕਰਤਾਰਪੁਰ ਆ ਟਿਕੇ। ਗੁਰੂ ਜੀ (Sri Guru Hargobind ji) ਦੀ ਫ਼ੌਜ ਵਿੱਚ ਇੱਕ ਪੈਂਦੇ ਖ਼ਾਨ ਨਾਮੀ ਪਠਾਣ ਸੀ, ਉਹ ਗੁਰੂ ਜੀ ਦੀ ਫ਼ੌਜ ਵਿੱਚ ਹੁੰਦਿਆਂ ਹੋਇਆ ਵੀ ਸਾਜ਼ਸ਼ਾਂ ਕਰ ਰਿਹਾ ਸੀ। ਉਹ ਦਿੱਲੀ ਤੇ ਲਾਹੌਰ ਨੂੰ ਲਿਖ ਚੁੱਕਾ ਸੀ ਕਿ ‘ਜੇ ਮਦਦ ਕਰੋ ਤਾਂ ਗੁਰੂ ਦਾ ਨਾਂ-ਥੇਹ ਮਿਟਾਇਆ ਜਾ ਸਕਦਾ ਹੈ’। ਉਸ ਨੇ ਕਈ ਵਾਰੀ ਹੁਕਮ ਅਦੂਲੀ ਵੀ ਕੀਤੀ ਸੀ। ਗੁਰੂ ਹਰਿਗੋਬਿੰਦ ਜੀ ਨੇ ਪੈਂਦੇ ਖ਼ਾਨ ਨੂੰ ਫ਼ੌਜ ਦੀ ਨੌਕਰੀ ਤੋਂ ਜਵਾਬ ਦੇ ਦਿੱਤਾ। ਪੈਂਦੇ ਖ਼ਾਨ ਨੇ ਮੁਖਲਿਸ ਖ਼ਾਨ ਦੇ ਭਰਾ ਕਾਲੇ ਖ਼ਾਨ ਨੂੰ ਗੁਰੂ ਵਿਰੁੱਧ ਹਮਲਾ ਕਰਨ ਲਈ ਚੁੱਕਿਆ ਅਤੇ ਆਪ ਪੂਰੀ ਮਦਦ ਦੇਣ ਦਾ ਐਲਾਨ ਕੀਤਾ। ਜਲੰਧਰ ਦੇ ਫ਼ੌਜਦਾਰ ਕੁਤੱਬਦੀਨ ਨੇ ਰਲ ਕੇ 1634 ਈ. ਵਿੱਚ ਕਰਤਾਰਪੁਰ ਨੂੰ ਜਿੱਥੇ ਗੁਰੂ ਜੀ ਟਿਕੇ ਹੋਏ ਸਨ, ਘੇਰੇ ਵਿੱਚ ਲੈ ਲਿਆ। ਬਾਬਾ ਗੁਰਦਿੱਤਾ ਜੀ ਤੇ ਭਾਈ ਬਿਧੀ ਚੰਦ ਜੀ ਦੀ ਅਗਵਾਈ ਹੇਠਾਂ ਸਿੱਖ ਫ਼ੌਜਾਂ ਡਟ ਕੇ ਮੁਕਾਬਲਾ ਕਰਨ ਲੱਗੀਆਂ। ਬਾਬਾ ਤਿਆਗ ਮੱਲ ਜੀ (ਜਿਨ੍ਹਾਂ ਦੀ ਉਮਰ ਉਸ ਵੇਲੇ 12 ਕੁ ਸਾਲ ਸੀ) ਨੇ ਵੀ ਕਮਾਲ ਦੀ ਤਲਵਾਰ ਚਲਾਈ ਤੇ ਤੇਗ਼ ਬਹਾਦਰ ਦਾ ਖ਼ਿਤਾਬ ਗੁਰੂ ਹਰਿਗੋਬਿੰਦ ਜੀ ਕੋਲੋਂ ਲਿਆ। ਪੈਂਦੇ ਖ਼ਾਨ ਨੇ ਸਿੱਧਾ ਗੁਰੂ ਹਰਿਗੋਬਿੰਦ ਜੀ ਨੂੰ ਲਲਕਾਰਿਆ। ਆਹਮੋ-ਸਾਹਮਣੇ ਲੜਾਈ ਵਿੱਚ ਪੈਂਦੇ ਖ਼ਾਨ ਨੇ ਲਗਾਤਾਰ ਗੁੱਸੇ ਵਿੱਚ ਤਿੰਨ ਵਾਰ ਕੀਤੇ। ਗੁਰੂ ਜੀ ਨੇ ਬੜੀ ਫੁਰਤੀ ਨਾਲ ਸਾਰੇ ਹੱਲਿਆਂ ਤੋਂ ਬਚਾ ਲਿਆ। ਫਿਰ ਗੁਰੂ ਹਰਿਗੋਬਿੰਦ ਜੀ (Sri Guru Hargobind ji) ਨੇ ਸਹਿਜੇ ਇੱਕ ਵਾਰ ਕੀਤਾ ਜੋ ਸਿੱਧਾ ਸਿਰ ਨੂੰ ਚੀਰ ਗਿਆ ਤੇ ਉਸ ਦੀ ਮੌਤ ਦਾ ਕਾਰਨ ਬਣਿਆ। ਕਾਲੇ ਖ਼ਾਨ ਨੇ ਵੀ ਦਮ ਤੋੜ ਦਿੱਤਾ ਸਾਰੀ ਫ਼ੌਜ ਵਿੱਚ ਘਬਰਾਹਟ ਫੈਲ ਗਈ ਤੇ ਜਿਸ ਪਾਸੇ ਕਿਸੇ ਦਾ ਮੂੰਹ ਸੀ ਨੱਸ ਉਠਿਆ।ਇਸ ਤਰ੍ਹਾਂ ਗੁਰੂ ਜੀ ਨੇ ਇਹ ਜੰਗ ਜਿਤੀ। 1627 ਈਸਵੀ ਵਿੱਚ ਜਹਾਂਗੀਰ ਦੀ ਮੌਤ ਹੋ ਗਈ ।ਛੇਵੇਂ ਗੁਰਾਂ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਆਪਣੇ ਪੋਤਰੇ ਹਰਿ ਰਾਏ ਸਾਹਿਬ ਨੂੰ ਸੌਂਪ ਦਿੱਤੀ। ਗੁਰੂ ਹਰਿਗੋਬਿੰਦ ਜੀ 3ਮਾਰਚ 1644 ਈ. ਮੁਤਾਬਿਕ 6 ਚੇਤਰ ਸੰਮਤ 1701 ਨੂੰ ਜੋਤੀ ਜੋਤ ਸਮਾ ਗਏ।

ਇਨ੍ਹਾਂ ਯੁਧਾਂ ਨੇ ਸਿੱਖ ਇਤਿਹਾਸ ਨੂੰ ਨਵਾਂ ਮੋੜ ਦਿੱਤਾ।ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਸਾਜ ਕਿ ਇਸ ਨੂੰ ਹੋਰ ਪ੍ਰਚੰਡ ਕੀਤਾ। ਬੰਦਾ ਸਿੰਘ ਬਹਾਦਰ ਨੇ ਖ਼ਾਲਸਾ ਰਾਜ ਕਾਇਮ ਕੀਤਾ।ਇਸ ਤੋਂ ਬਾਦ ਸਿੱਖ ਮਿਸਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੋਇਆ । ਮਾਰਚ 1783
ਵਿੱਚ ਸਿੱਖ ਦਿੱਲੀ ਸ਼ਹਿਰ ਵਿੱਚ ਦਾਖਲ ਹੋਏ। ਮੁਗ਼ਲ ਬਾਦਸ਼ਾਹ, ਸ਼ਾਹ ਆਲਮ ਦੂਜਾ ਉਨ੍ਹਾਂ ਦੇ ਮੁਕਾਬਲੇ ਲਈ ਤਿਆਰ ਨਹੀਂ ਸੀ। ਇਸ ਲਈ ਸਿੱਖ ਕਈ ਦਿਨ ਦਿੱਲੀ ਦੇ ਮਾਲਕ ਬਣੇ ਰਹੇ।ਜੱਸਾ ਸਿੰਘ ਰਾਮਗੜ੍ਹੀਆ ਹੋਰ ਸਰਦਾਰਾਂ ਤੋਂ ਵੱਖਰੇ ਹੋ ਕੇ ਹਮਲੇ ਕਰਦਾ ਰਿਹਾ। ਪਹਿਲਾਂ ਉਸ ਨੇ ਮੁਗ਼ਲਪੁਰੀ ਨੂੰ ਖ਼ਤਮ ਕੀਤਾ ਤੇ ਫਿਰ ਲਾਲ ਕਿਲ੍ਹੇ ਜਾ ਵੜਿਆ। ਉੱਥੋਂ ਧਨ ਤੋਂ ਇਲਾਵਾ ਮੁਗ਼ਲ ਦੇ ਤੋਪਖਾਨੇ ਦੀਆਂ ਚਾਰ ਬੰਦੂਕਾਂ ਤੇ ਮੁਗ਼ਲਾਂ ਦੇ ਤਾਜਪੋਸ਼ੀ ਵਾਲੀ ਰੰਗ ਬਰੰਗੇ ਪੱਥਰ ਦੀ ਇੱਕ ਸੁੰਦਰ ਸਿੱਲ ਹੱਥ ਲੱਗੀ। ਇਹ 6 ਫੁੱਟ ਲੰਬੀ, 4 ਫੁੱਟ ਚੌੜੀ ਤੇ 9 ਇੰਚ ਮੋਟੀ ਸਿੱਲ ਇਸ ਸਮੇਂ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਰਾਮਗੜ੍ਹੀਏ ਬੁੰਗੇ ਵਿੱਚ ਪਈ ਹੈ, ਜਿਸ ‘ਤੇ ਬੈਠ ਕੇ ਮੁਗਲ ਬਾਦਸ਼ਾਹ ਫੈਸਲੇ ਕਰਦੇ ਹੁੰਦੇ ਸਨ।ਇਨ੍ਹਾਂ ਯੁੱਧਾਂ ਦੀ ਇਹ ਵਿਸ਼ੇਸ਼ਤਾ ਰਹੀ ਹੈ ਕਿ ਗੁਰੁ
ਸਾਹਿਬਾਨ (Sri Guru Hargobind ji) ਨੇ ਕਦੇ ਵੀ ਆਪ ਕਿਸੇ ‘ਤੇ ਹਮਲਾ ਨਹੀਂ ਕੀਤਾ ।ਹਮਲੇ ਹਾਕਮਾਂ ਵੱਲੋਂ ਹੀ ਕੀਤੇ ਜਾਂਦੇ ਰਹਿ ਹਨ ਜਿਨ੍ਹਾਂ ਦਾ ਢੁਕਵਾਂ ਜਵਾਬ ਗੁਰੁ ਸਾਹਿਬਾਨ ਵਲੋਂ ਦਿੱਤਾ ਜਾਂਦਾ ਰਿਹਾ ਹੈ।

ਹਵਾਲਾ ਪੁਸਤਕ 1:ਸੁਖਦਿਆਲ ਸਿੰਘ (ਡਾ.) ,ਪੰਜਾਬ ਦਾ ਇਤਿਹਾਸ(ਗੁਰੁ ਕਾਲ :1469-1708),(ਜਿਲਦ
ਪੰਜਵੀਂ), ਪੰਜਾਬੀ ਯੂਨੀਵਰਸਿਟੀ ਪਟਿਆਲਾ 2012, ਪੰਨੇ 116 ਤੋਂ 129
2. ਸਤਿਬੀਰ ਸਿੰਘ, ਸਾਡਾ ਇਤਿਹਾਸ ( 1) (ਦਸ ਪਾਤਸ਼ਾਹੀਆਂ ), ਨਿਊ ਬੁਕ ਕੰਪਨੀ ਜਲੰਧਰ, 2011, ਪੰਨੇ
291 ਤੋਂ 296

Charanjit Singh Gumtalaਡਾ. ਚਰਨਜੀਤ ਸਿੰਘ ਗੁਮਟਾਲਾ

Read more:

ਕਿਹੜਾ-ਕਿਹੜਾ ਦੁੱਖ ਦੱਸਾਂ ਮੈਂ ਪੰਜਾਬ (PUNJAB) ਦਾ