ਆਪਣੀ ਮੌਤ ਦਾ ਨਾਟਕ ਰਚਣਾ ਪਿਆ ਮਹਿੰਗਾ ਦੋ ਬੱਚਿਆਂ ਦੀ ਮਾਂ ਕੱਟ ਰਹੀ ਅਦਾਲਤਾਂ ਦੇ ਚੱਕਰ

ਮੈਲਬਰਨ : ਇੱਕ ਅਜੀਬੋ-ਗ਼ਰੀਬ ਇੰਸ਼ੋਰੈਂਸ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ’ਚ ਇੱਕ ਔਰਤ ਨੇ ਆਪਣੀ ਹੀ ਮੌਤ ਦਾ ਨਾਟਕ ਰਚਿਆ। ਪਰਥ ’ਚ ਦੀ ਰਹਿਣ ਵਾਲੀ 42 ਸਾਲ ਦੀ ਕੈਰੇਨ ਸਾਲਕਿਲਡ ਨੇ ਲਾਈਫ਼ ਇੰਸ਼ੋਰੈਂਸ ਦਾ ਦਾਅਵਾ ਕਰਨ ਲਈ ਇਕ ਲੰਮੀ-ਚੌੜੀ ਯੋਜਨਾ ਤਹਿਤ ਆਪਣੀ ਹੀ ਮੌਤ ਹੋਣ ਦਾ ਝੂਠ ਬੋਲਿਆ। ਖ਼ੁਦ ਨੂੰ ਆਪਣੀ ਪਾਰਟਨਰ ਹੋਣ ਦਾ ਦਿਖਾਵਾ ਕਰਦਿਆਂ, ਉਸ ਨੇ ਇੱਕ ਜੀਵਨ ਬੀਮਾ ਕੰਪਨੀ ਕੋਲ ਦਾਅਵਾ ਦਾਇਰ ਕੀਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਦਸੰਬਰ ਦੌਰਾਨ ਬਰੂਮ ਵਿੱਚ ਇੱਕ ਕਾਰ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ ਸੀ।

ਉਸ ਨੇ ਝੂਠੇ ਮੌਤ ਦੇ ਸਰਟੀਫ਼ੀਕੇਟ, ਕੋਰੋਨਰ ਦੇ ਕੋਰਟ ਡੈਲੀਗੇਟ ਲੈਟਰ ਅਤੇ ਉਸ ਦੀ ਮੌਤ ਬਾਰੇ ਜਾਂਚ ਦਾ ਰਿਕਾਰਡ ਵੀ ਪੇਸ਼ ਕੀਤਾ। ਇਸ ਤੋਂ ਬਾਅਦ ਬੀਮਾ ਕੰਪਨੀ ਨੇ ਉਸ ਦੇ ਪਾਰਟਨਰ ਦੇ ਨਾਮ ‘ਤੇ ਖੋਲ੍ਹੇ ਗਏ ਬੈਂਕ ਖਾਤੇ ਵਿੱਚ 718,923 ਡਾਲਰ ਦਾ ਭੁਗਤਾਨ ਕਰ ਦਿੱਤਾ। ਹਾਲਾਂਕਿ, ਬੈਂਕ ਨੇ ਉਸ ਦੇ ਲੈਣ-ਦੇਣ ਨੂੰ ਸ਼ੱਕੀ ਪਾਇਆ ਅਤੇ ਅਕਾਊਂਟ ਫ੍ਰੀਜ਼ ਕਰ ਦਿੱਤਾ ਗਿਆ। ਹੁਣ ਇਸ ਦੋ ਬੱਚਿਆਂ ਦੀ ਮਾਂ ਵਿਰੁਧ ਅਦਾਲਤ ’ਚ ਸੁਣਵਾਈ ਚਲ ਰਹੀ ਹੈ। ਉਸ ’ਤੇੇ ਧੋਖਾਧੜੀ ਦੇ ਦੋਸ਼ ਹਨ ਅਤੇ ਉਸ ਨੂੰ ਸੱਤ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਉਹ ਐਪਲਕਰਾਸ ਨਾਮ ਦਾ ਜਿੰਮ ਚਲਾਉਂਦੀ ਹੈ।