ਮੈੱਲਬਰਨ : ਆਸਟ੍ਰੇਲੀਆ ਦੇ ਹਾਊਸਿੰਗ ਬਾਜ਼ਾਰ ’ਚ ਇੱਕ ਨਵਾਂ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਮਕਾਨਾਂ ਦੀਆਂ ਘਟਦੀਆਂ ਕੀਮਤਾਂ ਅਤੇ ਲਗਾਤਾਰ ਵਧ ਰਹੇ ਰੈਂਟ ਕਾਰਨ ਨਿਵੇਸ਼ਕਾਂ ਲਈ ਮੁਨਾਫ਼ੇ ਦਾ ਇੱਕ ਵੱਡਾ ਮੌਕਾ ਬਣ ਰਿਹਾ ਹੈ। The Australian ਦੀ ਇੱਕ ਰਿਪੋਰਟ ਅਨੁਸਾਰ, ਇਸ ਬਦਲਾਅ ਨੇ ਪੁਰਾਣੇ ਅਤੇ ਅਮੀਰ ਨਿਵੇਸ਼ਕਾਂ ਨੂੰ ਮਜ਼ਬੂਤ ਸਥਿਤੀ ’ਚ ਲਿਆ ਖੜ੍ਹਾ ਕੀਤਾ ਹੈ, ਜਦਕਿ ਨੌਜਵਾਨ ਅਤੇ ਪਹਿਲੀ ਵਾਰ ਘਰ ਖਰੀਦਣ ਦੇ ਚਾਹਵਾਨਾਂ ਲਈ ਦਰਵਾਜ਼ੇ ਲਗਭਗ ਬੰਦ ਹੁੰਦੇ ਜਾ ਰਹੇ ਹਨ।
ਅਰਥਸ਼ਾਸਤਰੀਆਂ ਅਤੇ ਮਾਹਿਰਾਂ ਦਾ ਅਨੁਮਾਨ ਹੈ ਕਿ ਆਉਣ ਵਾਲੇ ਸਮੇਂ ’ਚ ਘਰਾਂ ਦੀਆਂ ਕੀਮਤਾਂ ’ਚ ਗਿਰਾਵਟ ਆ ਸਕਦੀ ਹੈ। ਮੌਜੂਦਾ ਸਮੇਂ ਔਸਤ ਰੈਂਟਲ ਯੀਲਡ (ਕਿਰਾਏ ਤੋਂ ਆਮਦਨ ਦਰ) 3.8 ਫ਼ੀਸਦ ਦੇ ਕਰੀਬ ਹੈ, ਜੋ ਕਿ 1 ਮਿਲੀਅਨ ਡਾਲਰ ਦੀ ਜਾਇਦਾਦ ’ਤੇ ਸਾਲਾਨਾ ਲਗਭਗ 38,000 ਡਾਲਰ ਬਣਦੀ ਹੈ। ਅੰਕੜਿਆਂ ਮੁਤਾਬਕ, ਜੇਕਰ ਕਿਸੇ ਪ੍ਰਾਪਰਟੀ ਦੀ ਕੀਮਤ ’ਚ 10% ਦੀ ਗਿਰਾਵਟ ਆਉਂਦੀ ਹੈ ਅਤੇ ਕਿਰਾਇਆ 20% ਵਧਦਾ ਹੈ, ਤਾਂ ਲੈਂਡਲਾਰਡਸ ਲਈ ਰੈਂਟਲ ਯੀਲਡ ਵਧ ਕੇ 5.1 ਪ੍ਰਤੀਸ਼ਤ ਤੱਕ ਪਹੁੰਚ ਸਕਦੀ ਹੈ।
ਦੂਜੇ ਪਾਸੇ, ਲੇਬਰ ਸਰਕਾਰ ਦੇ ਬਜਟ ਟੈਕਸ ਬਦਲਾਵਾਂ ਅਤੇ ਵਧ ਰਹੇ ਕਿਰਾਇਆਂ ਕਾਰਨ ਆਮ ਲੋਕਾਂ ਲਈ ਬੱਚਤ ਕਰਨਾ ਮੁਸ਼ਕਲ ਹੋ ਗਿਆ ਹੈ। ਲੰਬੇ ਸਮੇਂ ਤੋਂ ਪ੍ਰਾਪਰਟੀ ਰੱਖਣ ਵਾਲੇ ਅਮੀਰ ਲੈਂਡਲਾਰਡਸ ਬਿਨਾਂ ਨੈਗੇਟਿਵ ਗੀਅਰਿੰਗ ਟੈਕਸ ਛੋਟਾਂ ਦੇ ਵੀ ਸ਼ਾਨਦਾਰ ਪਾਜ਼ੇਟਿਵ ਕੈਸ਼ਫਲੋ ਹਾਸਲ ਕਰ ਰਹੇ ਹਨ, ਜਿਸ ਨਾਲ ਰੈਂਟਰਸ ‘ਤੇ ਵਿੱਤੀ ਬੋਝ ਹੋਰ ਵਧ ਰਿਹਾ ਹੈ।
