- ਸਜ਼ਾ ਮਗਰੋਂ 12 ਸਾਲ ਲਈ ਡਰਾਈਵਿੰਗ ’ਤੇ ਰਹੇਗੀ ਪਾਬੰਦੀ
ਮੈੱਲਬਰਨ : Australia ਦੇ Adelaide ਸ਼ਹਿਰ ਦੀ ਇੱਕ ਅਦਾਲਤ ਨੇ ਸੜਕ ਕਿਨਾਰੇ ਆਪਣੀ ਖਰਾਬ ਕਾਰ ਠੀਕ ਕਰ ਰਹੇ ਪੰਜਾਬੀ ਮੂਲ ਦੇ 37 ਸਾਲ ਦੇ ਸੈਂਡੀ ਸੰਧੂ ਨੂੰ ਟੱਕਰ ਮਾਰ ਕੇ ਮੌਤ ਦੇ ਘਾਟ ਉਤਾਰਨ ਵਾਲੇ ਨੌਜਵਾਨ ਡਰਾਈਵਰ ਨੂੰ ਸਖ਼ਤ ਸਜ਼ਾ ਸੁਣਾਈ ਹੈ। ਜੱਜ ਨੇ 23 ਸਾਲ ਦੇ ਦੋਸ਼ੀ Harrison Beckel ਪ੍ਰਤੀ ਕੋਈ ਨਰਮੀ ਨਾ ਦਿਖਾਉਂਦਿਆਂ ਬੁੱਧਵਾਰ ਨੂੰ ਉਸ ਨੂੰ ਲਗਭਗ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਭਾਵੇਂ ਦੋਸ਼ੀ ਨੂੰ ਆਪਣੇ ਕੀਤੇ ਦਾ ਪਛਤਾਵਾ ਹੈ, ਪਰ ਉਸ ਦਾ ਅਪਰਾਧ ਇੰਨਾ ਗੰਭੀਰ ਹੈ ਕਿ ਜੇਲ੍ਹ ਤੋਂ ਘੱਟ ਕੋਈ ਸਜ਼ਾ ਨਹੀਂ ਦਿੱਤੀ ਜਾ ਸਕਦੀ। Harrison Beckel ਨੂੰ ਰਿਹਾਈ ਲਈ ਅਰਜ਼ੀ ਦੇਣ ਤੋਂ ਪਹਿਲਾਂ ਘੱਟੋ-ਘੱਟ ਤਿੰਨ ਸਾਲ ਜੇਲ੍ਹ ’ਚ ਕੱਟਣੇ ਪੈਣਗੇ ਅਤੇ ਰਿਹਾਈ ਤੋਂ ਬਾਅਦ ਉਸ ਦੇ ਡਰਾਈਵਿੰਗ ਕਰਨ ’ਤੇ 12 ਸਾਲਾਂ ਦੀ ਪਾਬੰਦੀ ਰਹੇਗੀ।
ਇਹ ਦਰਦਨਾਕ ਹਾਦਸਾ ਇਸ ਸਾਲ 1 ਮਾਰਚ ਨੂੰ Dry Creek ਇਲਾਕੇ ਦੇ North South Motorway ‘ਤੇ ਵਾਪਰਿਆ ਸੀ। ਦੋ ਬੱਚਿਆਂ ਦੇ ਪਿਤਾ ਸੈਂਡੀ ਸੰਧੂ ਸੜਕ ਕਿਨਾਰੇ ਆਪਣੀ ਖਰਾਬ ਕਾਰ ਨੂੰ ਜੰਪ-ਸਟਾਰਟ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਜਦੋਂ Harrison Beckel ਨੇ ਆਪਣੀ ਗੱਡੀ ਸਿੱਧੀ ਉਨ੍ਹਾਂ ’ਚ ਮਾਰ ਦਿੱਤੀ। ਹਾਦਸੇ ਸਮੇਂ ਦੋਸ਼ੀ ਕਾਨੂੰਨੀ ਸੀਮਾ ਤੋਂ ਤਿੰਨ ਗੁਣਾ ਵੱਧ ਸ਼ਰਾਬ ਦੇ ਨਸ਼ੇ ’ਚ ਸੀ, ਉਸ ਨੇ ਭੰਗ (cannabis) ਦਾ ਸੇਵਨ ਕੀਤਾ ਹੋਇਆ ਸੀ ਅਤੇ ਉਸ ਦਾ ਡਰਾਈਵਿੰਗ ਲਾਇਸੈਂਸ ਵੀ ਰੱਦ (disqualified) ਸੀ।
ਟੱਕਰ ਇੰਨੀ ਭਿਆਨਕ ਸੀ ਕਿ ਸੈਂਡੀ ਸੰਧੂ ਨੇ ਆਪਣੇ ਛੋਟੇ ਭਰਾ ਦੀ ਗੋਦ ’ਚ ਹੀ ਦਮ ਤੋੜ ਦਿੱਤਾ। ਹਾਦਸੇ ਤੋਂ ਬਾਅਦ ਮਦਦ ਬੁਲਾਉਣ ਦੀ ਬਜਾਏ Harrison Beckel ਨੇ ਆਪਣੇ ਪਿਤਾ ਅਤੇ ਇੱਕ ਦੋਸਤ ਨੂੰ ਕਰੀਬ 30 ਫ਼ੋਨ ਕੀਤੇ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।
ਸਜ਼ਾ ਸੁਣਾਏ ਜਾਣ ਸਮੇਂ ਅਦਾਲਤ ’ਚ Harrison Beckel ਸਿਰ ਝੁਕਾ ਕੇ ਰੋਂਦਾ ਰਿਹਾ। ਦੂਜੇ ਪਾਸੇ, ਪਬਲਿਕ ਗੈਲਰੀ ’ਚ ਮੌਜੂਦ ਸੈਂਡੀ ਸੰਧੂ ਦੀ ਪਤਨੀ, ਬੱਚੇ ਅਤੇ ਭਰਾ ਬੇਹੱਦ ਗਮਗੀਨ ਹਾਲਤ ’ਚ ਅਦਾਲਤ ਤੋਂ ਬਾਹਰ ਨਿਕਲੇ।
