- ਟੈਂਪਰੇਰੀ ਵੀਜ਼ਾ ਧਾਰਕਾਂ ਦੇ Australia ’ਚ ਰਹਿਣ ’ਤੇ ਵੀ ਮੰਡਰਾ ਰਿਹੈ ਸੰਕਟ
ਮੈੱਲਬਰਨ : ਸਿਡਨੀ ਦੇ ਸਭ ਤੋਂ ਵੱਡੇ ਪ੍ਰਾਪਰਟੀ ਡਿਵੈਲਪਰਾਂ ’ਚੋਂ ਇੱਕ, Bathla Group ਦੇ ਦੀਵਾਲੀਆ ਹੋਣ ਤੋਂ ਬਾਅਦ ਕਰੀਬ 200 ਸਾਬਕਾ ਵਰਕਰਾਂ ਨੇ ਆਪਣੀਆਂ ਰੁਕੀਆਂ ਸੈਲਰੀਜ਼ ਅਤੇ ਹੱਕਾਂ ਦੀ ਵਸੂਲੀ ਲਈ ਆਵਾਜ਼ ਬੁਲੰਦ ਕੀਤੀ ਹੈ। ਅਗਸਤ ’ਚ ਘੱਟੋ-ਘੱਟ 3.4 ਬਿਲੀਅਨ ਡਾਲਰ ਦੇ ਕਰਜ਼ੇ ਹੇਠ ਕੰਪਨੀ ਦੇ ਪ੍ਰਸ਼ਾਸਨ (voluntary administration) ’ਚ ਜਾਣ ਤੋਂ ਬਾਅਦ ਸੈਂਕੜੇ ਕਾਮੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ’ਚੋਂ ਬਹੁਤੇ ਇੰਡੀਆ ਮੂਲ ਦੇ ਹਨ
ABC news ਦੀ ਰਿਪੋਰਟ ਅਨੁਸਾਰ ਕੰਪਨੀ ’ਚ ਨੌਂ ਸਾਲਾਂ ਤੱਕ ਕੰਮ ਕਰਨ ਵਾਲੇ ਸਾਬਕਾ ਇੰਜੀਨੀਅਰ ਜਗਦੀਪ ਸਿੰਘ ਦਾ ਅੰਦਾਜ਼ਾ ਹੈ ਕਿ ਕੰਪਨੀ ਵੱਲ ਉਨ੍ਹਾਂ ਦਾ 80,000 ਡਾਲਰ ਬਕਾਇਆ ਹੈ। ਪ੍ਰਸ਼ਾਸਕ ਕੰਪਨੀ Teneo ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ Andrew Scott ਅਨੁਸਾਰ, ਕਰਮਚਾਰੀਆਂ ਦੇ ਤਨਖਾਹਾਂ, ਸੁਪਰਐਨੂਏਸ਼ਨ ਅਤੇ ਛੁੱਟੀਆਂ ਦੇ ਬਕਾਏ ਦੇ ਦਾਅਵੇ ਲਗਭਗ 6 ਮਿਲੀਅਨ ਡਾਲਰ ਤੱਕ ਪਹੁੰਚ ਗਏ ਹਨ। Teneo ਨੇ ਪੁਰਾਣੇ ਪੇਰੋਲ ਸਿਸਟਮ ਅਤੇ ਕਾਗਜ਼ੀ ਇਕਰਾਰਨਾਮਿਆਂ ਨੂੰ ਹਿਸਾਬ-ਕਿਤਾਬ ’ਚ ਹੋ ਰਹੀ ਦੇਰੀ ਦਾ ਕਾਰਨ ਦੱਸਿਆ ਹੈ।
ਇਸ ਸੰਕਟ ਨੇ ਟੈਂਪਰੇਰੀ ਵੀਜ਼ਾ (subclass 482 visa) ਧਾਰਕਾਂ ਦੇ Australia ’ਚ ਰਹਿਣ ਦੇ ਭਵਿੱਖ ਨੂੰ ਵੀ ਖਤਰੇ ’ਚ ਪਾ ਦਿੱਤਾ ਹੈ। ਸਾਬਕਾ ਵਰਕਰ ਅਰਜੁਨ, ਜਿਸ ਦਾ 10,000 ਡਾਲਰ ਦਾ ਬਕਾਇਆ ਹੈ, ਅਤੇ ਗ੍ਰੈਜੂਏਟ ਆਰਕੀਟੈਕਟ Kelly ਨਵੀਂ ਸਪਾਂਸਰਸ਼ਿਪ ਨਾ ਮਿਲਣ ਕਾਰਨ ਦੇਸ਼ ਛੱਡਣ ਦੇ ਡਰ ਹੇਠ ਹਨ। Kelly ਨੇ ਰਜਿੰਦਰ ਮੋਹਨ ਦੀ ਸਹਿ-ਮਾਲਕੀ ਵਾਲੀ ਏਜੰਸੀ Brothers Migration & Education Services ਦੀਆਂ ਸੇਵਾਵਾਂ ਲਈਆਂ ਸਨ। ਟੈਂਪਰੇਰੀ ਵੀਜ਼ਾ ਧਾਰਕ ਸਰਕਾਰ ਦੀ Fair Entitlements Guarantee (FEG) ਸਕੀਮ ਦੇ ਯੋਗ ਵੀ ਨਹੀਂ ਹਨ।
University of Sydney ਦੇ ਪ੍ਰੋਫੈਸਰ Jason Harris ਨੇ ਕਿਹਾ ਕਿ ਕਰਮਚਾਰੀ ਗੁੰਮ ਹੋਏ ਰਿਕਾਰਡਾਂ ਬਾਰੇ Fair Work Ombudsman ਕੋਲ ਸ਼ਿਕਾਇਤ ਕਰ ਸਕਦੇ ਹਨ। Teneo ਅਨੁਸਾਰ ਕੰਪਨੀ ਕੋਲ ਅਗਲੇ 6 ਤੋਂ 12 ਮਹੀਨਿਆਂ ਤੱਕ ਭੁਗਤਾਨ ਕਰਨ ਲਈ ਫੰਡ ਨਹੀਂ ਹਨ, ਜਦਕਿ NSW Supreme Court ਨੇ ਪ੍ਰਸ਼ਾਸਕਾਂ ਨੂੰ ਕੰਪਨੀ ਦੇ ਭਵਿੱਖ ਦਾ ਫੈਸਲਾ ਕਰਨ ਲਈ September 2027 ਤੱਕ ਦਾ ਸਮਾਂ ਦਿੱਤਾ ਹੈ।
