ਸੈਂਡੀ ਸੰਧੂ ਦੇ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ’ਚ ਬੇਹੱਦ ਭਾਵੁਕ ਮਾਹੌਲ, Adelaide ਦੀ ਅਦਾਲਤ ’ਚ ਗੂੰਜੇ ਮ੍ਰਿਤਕ ਦੇ ਆਖਰੀ ਸ਼ਬਦ

Sea7 Australia Team
3 Min Read
  • ਰੋ ਪਿਆ ਮੁਲਜ਼ਮ ਡਰਾਈਵਰ Harrison Beckel

ਮੈੱਲਬਰਨ : ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਦੇ Dry Creek ਸਬਅਰਬ ’ਚ ਇੱਕ ਭਿਆਨਕ ਹਾਦਸੇ ਕਾਰਨ ਆਪਣੀ ਜਾਨ ਗੁਆਉਣ ਵਾਲੇ ਪੰਜਾਬੀ ਮੂਲ ਦੇ ਨੌਜਵਾਨ ਸਰਬਦਿਆਲ ਸਿੰਘ (ਜਿਸ ਨੂੰ ਸੈਂਡੀ ਸੰਧੂ ਵਜੋਂ ਵੀ ਜਾਣਿਆ ਜਾਂਦਾ ਸੀ) ਦੇ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ’ਚ ਬੇਹੱਦ ਭਾਵੁਕ ਮਾਹੌਲ ਦੇਖਣ ਨੂੰ ਮਿਲਿਆ। ਜਦੋਂ ਅਦਾਲਤ ’ਚ ਮ੍ਰਿਤਕ ਦੇ ਆਖਰੀ ਸ਼ਬਦ ਸੁਣਾਏ ਗਏ, ਤਾਂ ਹਾਦਸੇ ਦਾ ਮੁਲਜ਼ਮ ਨੌਜਵਾਨ ਡਰਾਈਵਰ Harrison Beckel ਉੱਥੇ ਹੀ ਫੁੱਟ-ਫੁੱਟ ਕੇ ਰੋ ਪਿਆ।

ਸਰਬਦਿਆਲ ਸਿੰਘ (33), ਜੋ ਕਿ ਦੋ ਛੋਟੇ ਬੱਚਿਆਂ ਦਾ ਪਿਤਾ ਸੀ, 1 ਮਾਰਚ ਦੀ ਰਾਤ ਨੂੰ ਮੋਟਰਵੇਅ ਦੀ ਐਮਰਜੈਂਸੀ ਲੇਨ ’ਚ ਆਪਣੀ ਖਰਾਬ ਕਾਰ ਨੂੰ ਜੰਪ-ਸਟਾਰਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸੇ ਦੌਰਾਨ ਨਸ਼ੇ ’ਚ ਧੁੱਤ 23 ਸਾਲ ਦੇ ਡਰਾਈਵਰ Harrison Beckel ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਉਸ ਨੇ ਹਾਦਸੇ ਤੋਂ ਬਾਅਦ ਸਰਬਦਿਆਲ ਸਿੰਘ ਦੀ ਮਦਦ ਲਈ ਤੁਰੰਤ 000 ’ਤੇ ਫ਼ੋਨ ਕਰਨ ਦੀ ਬਜਾਏ ਆਪਣੇ ਪਿਤਾ ਨੂੰ 27 ਕਾਲਾਂ ਕੀਤੀਆਂ। ਸੜਕ ਕਿਨਾਰੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਸਰਬਦਿਆਲ ਸਿੰਘ ਨੇ ਮੌਕੇ ’ਤੇ ਮੌਜੂਦ ਆਪਣੇ ਭਰਾ ਸਿਕੰਦਰ ਸਿੰਘ ਦੀਆਂ ਬਾਹਾਂ ’ਚ ਦਮ ਤੋੜਨ ਤੋਂ ਪਹਿਲਾਂ ਕਿਹਾ ਕਿ ਹੁਣ ਉਸ ਦੇ ਜਾਣ ਦਾ ਸਮਾਂ ਆ ਗਿਆ ਹੈ ਅਤੇ ਉਸ ਨੇ ਆਪਣੇ ਭਰਾ ਨੂੰ ਪਿੱਛੇ ਰਹਿ ਗਏ ਪਰਿਵਾਰ ਦੀ ਦੇਖਭਾਲ ਕਰਨ ਲਈ ਤਰਲਾ ਕੀਤਾ।

ਸਿਕੰਦਰ ਸਿੰਘ ਨੇ ਕਿਹਾ, ‘‘ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ ਕਿ ਆਪਣੇ ਭਰਾ ਦੇ ਕੋਲ ਖੜ੍ਹੇ ਹੋਣਾ, ਉਸ ਦੇ ਮੂੰਹੋਂ ਇਹ ਸੁਣਨਾ ਕਿ ਉਹ ਤੁਹਾਨੂੰ ਛੱਡ ਕੇ ਜਾ ਰਿਹਾ ਹੈ, ਉਸ ਨੂੰ ਆਪਣੇ ਪਰਿਵਾਰ ਦਾ ਖਿਆਲ ਰੱਖਣ ਲਈ ਕਹਿੰਦੇ ਹੋਏ ਸੁਣਨਾ ਅਤੇ ਇਹ ਜਾਣਨਾ ਕਿ ਤੁਸੀਂ ਉਸ ਨੂੰ ਬਚਾ ਨਹੀਂ ਸਕਦੇ, ਕਿਹੋ ਜਿਹਾ ਮਹਿਸੂਸ ਹੁੰਦਾ ਹੈ।’’

ਇਸ ਦਰਦਨਾਕ ਹਾਦਸੇ ਨੇ ਪੂਰੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਹੈ। ਸਰਬਦਿਆਲ ਸਿੰਘ ਦੀ ਪਤਨੀ ਪ੍ਰਭਜੀਤ ਕੌਰ, ਜੋ ਕਿ ਸਟੂਡੈਂਟ ਵੀਜ਼ੇ ’ਤੇ ਆਸਟ੍ਰੇਲੀਆ ’ਚ ਰਹਿ ਰਹੀ ਹੈ, ਨੇ ਦੱਸਿਆ ਕਿ ਉਸ ਦੇ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਹੈ ਅਤੇ ਉਹ ਵਿਦੇਸ਼ੀ ਧਰਤੀ ’ਤੇ ਬਿਲਕੁਲ ਇਕੱਲੀ ਰਹਿ ਗਈ ਹੈ। ਹਾਲਾਂਕਿ ਉਸ ਨੇ ਕਿਹਾ ਕਿ ਉਹ ਮੁਲਜ਼ਮ ਡਰਾਇਵਰ ਨੂੰ ਮੁਆਫ਼ ਕਰ ਰਹੀ ਹੈ ਕਿਉਂਕਿ ਉਹ ਇਹ ਗੁੱਸਾ ਅਤੇ ਨਫ਼ਰਤ ਸਾਰੀ ਜ਼ਿੰਦਗੀ ਆਪਣੇ ਦਿਲ ’ਚ ਰੱਖ ਕੇ ਨਹੀਂ ਰਹਿ ਸਕਦੀ। ਐਡੀਲੇਡ ਦੀ ਅਦਾਲਤ ’ਚ ਇਸ ਮਾਮਲੇ ਦੀ ਅਗਲੇਰੀ ਕਾਨੂੰਨੀ ਕਾਰਵਾਈ ਜਾਰੀ ਹੈ। ਉਸ ਨੂੰ ਸਜ਼ਾ ਨਵੰਬਰ ’ਚ ਸੁਣਾਈ ਜਾਵੇਗੀ।

Share This Article
Leave a Comment

Leave a Reply

Your email address will not be published. Required fields are marked *