ਮੈੱਲਬਰਨ : ਆਸਟ੍ਰੇਲੀਆ ’ਚ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਸਿਆਸੀ ਪਾਰਟੀ One Nation ਨੇ ਇੱਕ ਨਵੀਂ ਮਾਈਗ੍ਰੇਸ਼ਨ ਯੋਜਨਾ ਪੇਸ਼ ਕੀਤੀ ਹੈ ਜਿਸ ਤਹਿਤ ਇੰਟਰਨੈਸ਼ਨਲ ਸਟੂਡੈਂਟਸ ਅਤੇ ਪੋਸਟ-ਸਟੱਡੀ ਵਰਕ ਵੀਜ਼ਾ ਦੀ ਗਿਣਤੀ ’ਚ ਭਾਰੀ ਕਟੌਤੀ ਕਰਨ ਦਾ ਪ੍ਰਸਤਾਵ ਹੈ। ਯੂਨੀਵਰਸਿਟੀ ਸੈਕਟਰ ਨੇ ਇਸ ਯੋਜਨਾ ਨੂੰ ਦੇਸ਼ ਦੀ ਆਰਥਿਕਤਾ ਅਤੇ ਸਿੱਖਿਆ ਪ੍ਰਣਾਲੀ ਲਈ ‘ਤਬਾਹਕੁੰਨ’ ਦੱਸਿਆ ਹੈ।
One Nation ਦੀ ਲੀਡਰ Pauline Hanson ਨੇ ਯੂਨੀਵਰਸਿਟੀਆਂ ਨੂੰ ‘ਵੀਜ਼ਾ ਫੈਕਟਰੀਆਂ’ ਕਰਾਰ ਦਿੱਤਾ ਹੈ। ਪਾਰਟੀ ਦੀ ਯੋਜਨਾ ਅਨੁਸਾਰ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ 590,000 ਤੋਂ ਘਟਾ ਕੇ 350,000 ਕੀਤੀ ਜਾਵੇਗੀ। ਇਸ ਤੋਂ ਇਲਾਵਾ, ਪੜ੍ਹਾਈ ਤੋਂ ਬਾਅਦ ਆਸਟ੍ਰੇਲੀਆ ’ਚ ਰਹਿਣ ਵਾਲੇ ਗਰੈਜੂਏਟਾਂ ਦੀ ਗਿਣਤੀ 270,000 ਤੋਂ ਘਟਾ ਕੇ ਸਿਰਫ਼ 40,000 ਕਰਨ ਦੀ ਤਜਵੀਜ਼ ਹੈ।
Universities Australia ਦੇ CEO Luke Sheehy ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਯੋਜਨਾ ਲਾਗੂ ਹੁੰਦੀ ਹੈ, ਤਾਂ ਕਈ ਯੂਨੀਵਰਸਿਟੀ ਕੈਂਪਸ ਬੰਦ ਹੋ ਜਾਣਗੇ, ਹਜ਼ਾਰਾਂ ਨੌਕਰੀਆਂ ਖਤਰੇ ’ਚ ਪੈ ਜਾਣਗੀਆਂ, ਅਤੇ ਆਸਟ੍ਰੇਲੀਅਨ ਵਿਦਿਆਰਥੀਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਫੀਸਾਂ ਯੂਨੀਵਰਸਿਟੀਆਂ ਦੀ ਕੁੱਲ ਆਮਦਨ ਦਾ ਲਗਭਗ 27% ਬਣਦੀਆਂ ਹਨ, ਜੋ ਕਿ ਦੇਸ਼ ਦੀ ਰਿਸਰਚ ਦਾ ਮੁੱਖ ਆਧਾਰ ਹੈ।
ਇਸ ਦੌਰਾਨ, ਇੰਟਰਨੈਸ਼ਨਲ ਐਜੂਕੇਸ਼ਨ ਐਸੋਸੀਏਸ਼ਨ ਆਫ਼ ਆਸਟ੍ਰੇਲੀਆ ਦੇ Phil Honeywood ਨੇ Pauline Hanson ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਨੌਜਵਾਨਾਂ ’ਤੇ ਹਮਲਾ ਹੈ ਜੋ ਸਿਰਫ ਵਿਸ਼ਵ ਪੱਧਰੀ ਸਿੱਖਿਆ ਪ੍ਰਾਪਤ ਕਰਨ ਲਈ ਇੱਥੇ ਆਉਂਦੇ ਹਨ।
ਇਸੇ ਤਰ੍ਹਾਂ, Group of Eight ਦੀ CEO Vicki Thomson ਅਤੇ ਯੂਨੀਵਰਸਿਟੀ ਆਫ਼ ਮੈੱਲਬਰਨ ਦੇ ਪ੍ਰੋਫੈਸਰ Chris Ziguras ਨੇ ਵੀ ਇਸ ਕਦਮ ਨੂੰ ਆਸਟ੍ਰੇਲੀਆ ਦੇ ਭਵਿੱਖ ਲਈ ਖਤਰਨਾਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਫੈਸਲੇ ਸਾਡੇ ਦੇਸ਼ ਦੇ ਬਿਹਤਰੀਨ ਟੇਲੈਂਟ ਨੂੰ ਦੂਜੇ ਮੁਕਾਬਲੇਬਾਜ਼ ਦੇਸ਼ਾਂ ਵੱਲ ਧੱਕ ਦੇਣਗੇ।
