Post-Study Work Visa ਫੀਸ ’ਚ 4 ਮਹੀਨਿਆਂ ਅੰਦਰ ਦੂਜਾ ਵੱਡਾ ਵਾਧਾ
ਮੈਲਬਰਨ : ਆਸਟ੍ਰੇਲੀਆ ਸਰਕਾਰ ਨੇ ਇੱਕ ਵਾਰ ਫਿਰ ਵਿਦੇਸ਼ੀ ਗ੍ਰੈਜੂਏਟਾਂ ਨੂੰ ਵੱਡਾ ਝਟਕਾ ਦਿੱਤਾ ਹੈ। ਸਰਕਾਰ ਨੇ ਬਿਨਾਂ ਕਿਸੇ ਅਗਾਊਂ ਸੂਚਨਾ ਦੇ Subclass 485 (Temporary Graduate Visa) ਦੀ ਫੀਸ ਵਿੱਚ 25% ਦਾ ਹੋਰ ਵਾਧਾ ਕਰ ਦਿੱਤਾ ਹੈ, ਜਿਸ ਨਾਲ ਹੁਣ ਸ਼ੁਰੂਆਤੀ ਫੀਸ ਵਧ ਕੇ 5,750 ਆਸਟ੍ਰੇਲੀਅਨ ਡਾਲਰ ਹੋ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮਾਰਚ ਵਿੱਚ ਹੀ ਇਸ ਫੀਸ ਨੂੰ ਦੁੱਗਣਾ ਕਰ ਕੇ 4,600 ਡਾਲਰ ਕੀਤਾ ਗਿਆ ਸੀ, ਅਤੇ ਹੁਣ ਮਹਿਜ਼ 4 ਮਹੀਨਿਆਂ ਦੇ ਅੰਦਰ ਇਹ ਦੂਜਾ ਵਾਧਾ ਹੈ। ਇਹ ਨਵੀਆਂ ਦਰਾਂ 1 ਜੁਲਾਈ ਤੋਂ ਲਾਗੂ ਕਰ ਦਿੱਤੀਆਂ ਗਈਆਂ ਹਨ।
ਸਰਕਾਰ ਵੱਲੋਂ ਇਹ ਕਦਮ ਦੇਸ਼ ਵਿੱਚ ਵੱਧ ਰਹੇ ਮਾਈਗ੍ਰੇਸ਼ਨ ਦੇ ਦਬਾਅ ਅਤੇ ਹਾਊਸਿੰਗ ਸੰਕਟ ਨੂੰ ਕੰਟਰੋਲ ਕਰਨ ਲਈ ਚੁੱਕਿਆ ਗਿਆ ਪ੍ਰਤੀਤ ਹੁੰਦਾ ਹੈ। ਦੂਜੇ ਪਾਸੇ, Capa (Council of Australian Postgraduate Associations) ਵਰਗੇ ਵਿਦਿਆਰਥੀ ਸੰਗਠਨਾਂ ਅਤੇ Mehreen Faruqi ਵਰਗੇ ਰਾਜਨੇਤਾਵਾਂ ਨੇ ਇਸ ਫੈਸਲੇ ਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਇੰਟਰਨੈਸ਼ਨਲ ਸਟੂਡੈਂਟਸ ’ਤੇ ਆਰਥਿਕ ਬੋਝ ਵਧੇਗਾ ਅਤੇ ਹੋਣਹਾਰ ਗ੍ਰੈਜੂਏਟ Australia ਵਿੱਚ ਰੁਕਣ ਤੋਂ ਨਿਰਉਤਸ਼ਾਹਿਤ ਹੋਣਗੇ।
ਪਰਿਵਾਰਾਂ ‘ਤੇ ਪਿਆ ਵੱਡਾ ਵਿੱਤੀ ਬੋਝ
ਇਹੀ ਨਹੀਂ ਆਸਟ੍ਰੇਲੀਆ ਸਰਕਾਰ ਵੱਲੋਂ ਹੋਰ ਵੀਜ਼ਾ ਫੀਸਾਂ ਵਿੱਚ ਵੀ ਭਾਰੀ ਵਾਧੇ ਕੀਤੇ ਗਏ ਹਨ, ਜਿਸ ਕਾਰਨ ਪ੍ਰਵਾਸੀ ਪਰਿਵਾਰਾਂ ਵਿੱਚ ਭਾਰੀ ਨਿਰਾਸ਼ਾ ਅਤੇ ਗੁੱਸਾ ਪਾਇਆ ਜਾ ਰਿਹਾ ਹੈ। ਨਵੇਂ ਅੰਕੜਿਆਂ ਮੁਤਾਬਕ, ਪਾਰਟਨਰ ਵੀਜ਼ਾ (820/801 ਅਤੇ 309/100) ਦੀ ਫੀਸ ਵਧ ਕੇ 11,710 ਡਾਲਰ ਤੱਕ ਪਹੁੰਚ ਚੁੱਕੀ ਹੈ। ਇਸੇ ਤਰ੍ਹਾਂ, ਬਜ਼ੁਰਗ ਮਾਪਿਆਂ ਦੇ ਵੀਜ਼ੇ (Aged Parent 804) ਲਈ 6,600 ਡਾਲਰ ਅਤੇ ਕੰਟਰੀਬਿਊਟਰੀ ਪੇਰੈਂਟ ਵੀਜ਼ੇ (143) ਲਈ ਹੁਣ 4,040 ਡਾਲਰ ਦੇਣੇ ਪੈਣਗੇ। ਵਿਜ਼ਿਟਰ ਵੀਜ਼ਾ (600) ਦੀ ਫੀਸ 250 ਡਾਲਰ ਅਤੇ ਬੀ.ਵੀ.ਬੀ. (BVB) ਦੀ ਫੀਸ 575 ਡਾਲਰ ਨਿਰਧਾਰਤ ਕੀਤੀ ਗਈ ਹੈ।
ਲੋਕਾਂ ਦਾ ਕਹਿਣਾ ਹੈ ਕਿ ਆਪਣੇ ਪਰਿਵਾਰਾਂ ਨਾਲ ਰਹਿਣ ਲਈ 11,000 ਡਾਲਰ ਤੋਂ ਵੱਧ ਦੀ ਰਕਮ ਵਸੂਲਣਾ ਕੋਈ ਪ੍ਰੋਸੈਸਿੰਗ ਫੀਸ ਨਹੀਂ, ਬਲਕਿ ਪਰਿਵਾਰਾਂ ’ਤੇ ਇੱਕ ‘ਟੈਕਸ’ ਹੈ। ਮਾਈਗਰੈਂਟਸ ਮੁਤਾਬਕ ਇਹ ਵਾਧਾ ਬਿਲਕੁਲ ਨਾਜਾਇਜ਼ ਹੈ, ਜੋ ਆਮ ਲੋਕਾਂ ਨੂੰ ਆਪਣੇ ਬਜ਼ੁਰਗਾਂ ਅਤੇ ਪਰਿਵਾਰ ਨਾਲ ਮੁੜ ਇਕੱਠੇ ਹੋਣ ਦੇ ਬੁਨਿਆਦੀ ਹੱਕ ਤੋਂ ਵਾਂਝਾ ਕਰ ਰਿਹਾ ਹੈ।
