ਮੈਲਬਰਨ : ਵਿਸ਼ਵ ਭਰ ਵਿੱਚ ਲੱਖਾਂ ਪੰਛੀਆਂ ਅਤੇ ਜਾਨਵਰਾਂ ਦੀ ਜਾਨ ਲੈਣ ਵਾਲਾ ਖ਼ਤਰਨਾਕ H5 ਬਰਡ ਫਲੂ (avian influenza) ਹੁਣ ਆਸਟ੍ਰੇਲੀਆ ਵਿੱਚ ਵੀ ਦਸਤਕ ਦੇ ਚੁੱਕਾ ਹੈ। ਵੈਸਟਰਨ ਆਸਟ੍ਰੇਲੀਆ ਦੇ ਇੱਕ ਦੂਰ-ਦੁਰਾਡੇ ਸਾਊਥ-ਵੈਸਟ ਇਲਾਕੇ ਵਿੱਚ ਇੱਕ ਬਿਮਾਰ ਪ੍ਰਵਾਸੀ ਜੰਗਲੀ ਪੰਛੀ ਮਿਲਿਆ ਹੈ, ਜਿਸ ਵਿੱਚ ਇਸ ਜਾਨਲੇਵਾ ਵਾਇਰਸ ਦੇ ਸ਼ੱਕੀ ਲੱਛਣ ਪਾਏ ਗਏ ਹਨ।
ਫ਼ੈਡਰਲ ਖੇਤੀਬਾੜੀ ਮੰਤਰੀ Julie Collins ਮੁਤਾਬਕ, ਸ਼ੁਰੂਆਤੀ ਲੈਬ ਟੈਸਟਾਂ ’ਚ ਰਿਪੋਰਟ ਪਾਜ਼ੇਟਿਵ ਆਈ ਹੈ। ਹਾਲਾਂਕਿ, ਇਹ ਉਹੀ ਖ਼ਤਰਨਾਕ H5N1 ਸਟ੍ਰੇਨ ਹੈ ਜਾਂ ਕੋਈ ਹੋਰ, ਇਸ ਦੀ ਪੁਸ਼ਟੀ ਲਈ ਨਮੂਨੇ CSIRO’s Australian Centre for Disease Preparedness ਵਿਖੇ ਭੇਜੇ ਗਏ ਹਨ, ਜਿਸ ਦੇ ਨਤੀਜੇ ਸ਼ਨੀਵਾਰ ਤੱਕ ਆਉਣ ਦੀ ਉਮੀਦ ਹੈ। ਰਾਹਤ ਦੀ ਗੱਲ ਇਹ ਹੈ ਕਿ ਅਜੇ ਤੱਕ ਪੋਲਟਰੀ (ਮੁਰਗੀ ਪਾਲਣ) ਜਾਂ ਕਿਸੇ ਹੋਰ ਜਗ੍ਹਾ ਵੱਡੇ ਪੱਧਰ ’ਤੇ ਪੰਛੀਆਂ ਦੀ ਮੌਤ ਦਾ ਕੋਈ ਸਬੂਤ ਨਹੀਂ ਮਿਲਿਆ।
Invasive Species Council ਦੇ Policy Director Dr Carol Booth ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ H5N1 ਦੀ ਪੁਸ਼ਟੀ ਹੁੰਦੀ ਹੈ, ਤਾਂ ਇਹ ਆਸਟ੍ਰੇਲੀਆ ਦੇ ਜੰਗਲੀ ਜੀਵਾਂ ਅਤੇ ਸਮੁੰਦਰੀ ਜੀਵਾਂ ਲਈ ਬੇਹੱਦ ਤਬਾਹੀ ਜਨਕ ਸਾਬਤ ਹੋ ਸਕਦਾ ਹੈ। ਸਰਕਾਰ ਨੇ ਇਸ ਸਥਿਤੀ ਨਾਲ ਨਜਿੱਠਣ ਲਈ 2026 ਦੇ ਬਜਟ ਵਿੱਚ 113 ਮਿਲੀਅਨ ਡਾਲਰ ਤੋਂ ਵੱਧ ਦਾ ਫੰਡ ਜਾਰੀ ਕੀਤਾ ਹੈ। ਪਾਲਤੂ ਜਾਨਵਰਾਂ ਦੇ ਮਾਲਕਾਂ, ਖਾਸ ਕਰਕੇ ਬਿੱਲੀਆਂ ਦੇ ਮਾਲਕਾਂ ਨੂੰ, ਆਪਣੇ ਜਾਨਵਰ ਅੰਦਰ ਰੱਖਣ ਅਤੇ ਜੰਗਲੀ ਪੰਛੀਆਂ ਤੋਂ ਦੂਰ ਰੱਖਣ ਦੀ ਸਲਾਹ ਦਿੱਤੀ ਗਈ ਹੈ।
