ਮੈਲਬਰਨ ’ਚ ਵਿਵਾਦਿਤ ਬਿਲਬੋਰਡਾਂ ਦੀ ਪ੍ਰੀਮੀਅਰ Jacinta Allan ਨੇ ਕੀਤੀ ਸਖ਼ਤ ਨਿੰਦਾ, PM Anthony Albanese ਸਮੇਤ ਕਈ ਦਿੱਗਜ ਸਮਰਥਨ ‘ਚ ਉਤਰੇ

Sea7 Australia Team
2 Min Read

ਮੈਲਬਰਨ : ਵਿਕਟੋਰੀਆ ਦੀ ਪ੍ਰੀਮੀਅਰ Jacinta Allan ਦੇ ਖਿਲਾਫ ਮੈਲਬਰਨ ’ਚ ਪ੍ਰਦਰਸ਼ਿਤ ਕੀਤੇ ਜਾ ਰਹੇ ਵਿਵਾਦਿਤ ਅਤੇ ਇਤਰਾਜ਼ਯੋਗ ਮੋਬਾਈਲ ਬਿਲਬੋਰਡਾਂ ਨੂੰ ਲੈ ਕੇ ਸਿਆਸੀ ਹੰਗਾਮਾ ਖੜ੍ਹਾ ਹੋ ਗਿਆ ਹੈ। ਇਨ੍ਹਾਂ ਪੋਸਟਰਾਂ ’ਤੇ Jacinta Allan ਦੀ ਫੋਟੋ ਦੇ ਨਾਲ ‘Ditch the Witch’ ਵਰਗੇ ਅਪਮਾਨਜਨਕ ਸ਼ਬਦ ਲਿਖੇ ਗਏ ਹਨ, ਜਿਸ ਦੀ ਚੌਤਰਫਾ ਨਿੰਦਾ ਹੋ ਰਹੀ ਹੈ।

ਪ੍ਰੀਮੀਅਰ Jacinta Allan ਨੇ ਇਸ ਨੂੰ ਬੇਹੱਦ ਘਟੀਆ ਅਤੇ ਲਿੰਗਭੇਦ (sexist) ਵਾਲੀ ਸਿਆਸਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਅਸਹਿਮਤੀ ਦਾ ਹੱਕ ਸਭ ਨੂੰ ਹੈ, ਪਰ ਔਰਤਾਂ ’ਤੇ ਇਸ ਤਰ੍ਹਾਂ ਦੇ ਨਿੱਜੀ ਹਮਲੇ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ। ਉਨ੍ਹਾਂ ਸੋਸ਼ਲ ਮੀਡੀਆ ਪਲੇਟਫ਼ਾਰਮ ‘ਐਕਸ’ ’ਤੇ ਇੱਕ ਪੋਸਟ ’ਚ ਕਿਹਾ, ‘‘ਜੇਕਰ ਤੁਸੀਂ ਇਸ ਹੌਲੀ-ਹੌਲੀ ਵਧ ਰਹੀ (ਮਾੜੀ) ਸੰਸਕ੍ਰਿਤੀ ਦੇ ਖ਼ਿਲਾਫ਼ ਸਟੈਂਡ ਨਹੀਂ ਲੈਂਦੇ, ਤਾਂ ਇਹ ਹਰ ਚੀਜ਼ ’ਤੇ ਹਾਵੀ ਹੋਣ ਦੀ ਪ੍ਰਵਿਰਤੀ ਰੱਖਦੀ ਹੈ। ਇਹ ਜਾਣਨ ਲਈ ਤੁਹਾਨੂੰ ਸਿਰਫ਼ ਅਮਰੀਕਾ ਵੱਲ ਦੇਖਣ ਦੀ ਲੋੜ ਹੈ। ਮੈਂ ਚੁੱਪਚਾਪ ਪਿੱਛੇ ਨਹੀਂ ਬੈਠ ਸਕਦੀ ਅਤੇ ਵਿਕਟੋਰੀਆ ਨੂੰ ਅਜਿਹੀ ਜਗ੍ਹਾ ਨਹੀਂ ਬਣਨ ਦੇ ਸਕਦੀ ਜਿੱਥੇ ਕੰਮ ’ਤੇ ਕਿਸੇ ਵੀ ਔਰਤ, ਜਾਂ ਲੀਡਰਸ਼ਿਪ ਵਿੱਚ ਕਿਸੇ ਵੀ ਔਰਤ, ਦੇ ਖ਼ਿਲਾਫ਼ ਇਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਕਰਨਾ ਜਾਇਜ਼ ਮੰਨਿਆ ਜਾਵੇ। ਜੇਕਰ ਅਸੀਂ ਅੱਜ ਇੱਕ ਲਕਸ਼ਮਣ ਰੇਖਾ ਨਹੀਂ ਖਿੱਚਾਂਗੇ, ਤਾਂ ਇਹ ਰੇਖਾ ਹੋਰ ਅੱਗੇ ਵਧਦੀ ਜਾਵੇਗੀ। ਲਿੰਗਭੇਦ ਹਰ ਕਿਸੇ ਨੂੰ ਨੁਕਸਾਨ ਪਹੁੰਚਾਉਂਦਾ ਹੈ।’’

Jacinta Allan

ਇਸ ਮਾਮਲੇ ’ਚ ਪ੍ਰਧਾਨ ਮੰਤਰੀ Anthony Albanese ਅਤੇ ਸਾਬਕਾ ਪ੍ਰਧਾਨ ਮੰਤਰੀ Julia Gillard ਵੀ Jacinta Allan ਦੇ ਸਮਰਥਨ ਵਿੱਚ ਉਤਰੇ ਹਨ। Anthony Albanese ਨੇ ਕਿਹਾ ਕਿ ਜਨਤਕ ਜੀਵਨ ਵਿੱਚ ਅਜਿਹੀ ਬਦਸਲੂਕੀ ਲਈ ਕੋਈ ਥਾਂ ਨਹੀਂ ਹੈ। Julia Gillard ਨੇ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ 2011 ਵਿੱਚ ਉਨ੍ਹਾਂ ਖ਼ਿਲਾਫ਼ ਵੀ ਇਹੀ ਭੱਦੀ ਸ਼ਬਦਾਵਲੀ ਵਰਤੀ ਗਈ ਸੀ, ਅਤੇ 15 ਸਾਲਾਂ ਬਾਅਦ ਦੁਬਾਰਾ ਅਜਿਹੀ ਮਾਨਸਿਕਤਾ ਦੇਖਣਾ ਬੇਹੱਦ ਦੁਖਦਾਈ ਹੈ।

ਦੂਜੇ ਪਾਸੇ, Liberal MP David Southwick ਨੇ ਸਪੱਸ਼ਟ ਕੀਤਾ ਹੈ ਕਿ ਵਿਰੋਧੀ ਧਿਰ (The Liberals and Nationals) ਦਾ ਇਸ ਮੁਹਿੰਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਉਹ ਅਜਿਹੇ ਵਿਵਹਾਰ ਦੀ ਨਿੰਦਾ ਕਰਦੇ ਹਨ। ਹਾਲਾਂਕਿ, One Nation ਦੀ ਆਗੂ Pauline Hanson ਨੇ ਇਸ ’ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਸਿਆਸਤ ਵਿੱਚ ਅਜਿਹੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ।

Share This Article
Leave a Comment

Leave a Reply

Your email address will not be published. Required fields are marked *