ਮੈਲਬਰਨ : ਆਸਟ੍ਰੇਲੀਆ ਦੀ ਇੱਕ ਪ੍ਰਮੁੱਖ ਮਾਈਗ੍ਰੇਸ਼ਨ ਲਾਅ ਫਰਮ, Gold Migration Lawyers, ਦੇ ਅਚਾਨਕ ਦਿਵਾਲੀਆ (liquidation) ਹੋਣ ਕਾਰਨ ਸੈਂਕੜੇ ਵੀਜ਼ਾ ਐਪਲੀਕੈਂਟਸ ਦਾ ਭਵਿੱਖ ਦਾਅ ’ਤੇ ਲੱਗ ਗਿਆ ਹੈ। ਮੈਲਬਰਨ ਸਥਿਤ ਇਸ ਫਰਮ ਨੇ ਆਪਣੇ ਗਾਹਕਾਂ ਨੂੰ ਈਮੇਲ ਰਾਹੀਂ ਸੂਚਿਤ ਕੀਤਾ ਹੈ ਕਿ ਉਹ ਹੁਣ ਉਨ੍ਹਾਂ ਦੇ ਕੇਸਾਂ ਦੀ ਕਾਨੂੰਨੀ ਪ੍ਰਤੀਨਿਧਤਾ ਨਹੀਂ ਕਰ ਸਕਣਗੇ।
ਇਸ ਫੈਸਲੇ ਨਾਲ ਕਈ ਮਾਈਗਰੈਂਟ ਪਰਿਵਾਰਾਂ ਦੇ ਹਜ਼ਾਰਾਂ ਡਾਲਰ ਡੁੱਬਣ ਦਾ ਖਤਰਾ ਪੈਦਾ ਹੋ ਗਿਆ ਹੈ। ABC ਨਾਲ ਇੱਕ ਗੱਲਬਾਤ ’ਚ Larrae Sullivan ਨੇ ਦੱਸਿਆ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਪਾਰਟਨਰ Atunaisa Koroikata ਨੇ ਪਾਰਟਨਰ ਵੀਜ਼ਾ ਲਈ ਫਰਮ ਨੂੰ 7,700 ਡਾਲਰ ਦਿੱਤੇ ਸਨ, ਜਦਕਿ ਇੱਕ ਹੋਰ ਬਿਨੈਕਾਰ David Sánchez ਨੇ ਆਪਣੇ ਮਾਪਿਆਂ ਦੇ ਪ੍ਰੋਟੈਕਸ਼ਨ ਵੀਜ਼ਾ ਲਈ ਕਰੀਬ 20,000 ਡਾਲਰ ਦਾ ਭੁਗਤਾਨ ਕੀਤਾ ਸੀ। ਹੁਣ ਇਹ ਸਾਰੇ ਲੋਕ ਆਰਥਿਕ ਅਤੇ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।
ਕਾਨੂੰਨੀ ਮਾਹਰਾਂ ਮੁਤਾਬਕ, ਪ੍ਰਭਾਵਿਤ ਬਿਨੈਕਾਰ ਤੁਰੰਤ Department of Home Affairs ਦੀ ਵੈੱਬਸਾਈਟ ’ਤੇ ਆਪਣਾ ImmiAccount ਬਣਾ ਕੇ ਆਪਣੇ ਵੀਜ਼ਾ ਐਪਲੀਕੇਸ਼ਨ ਨੂੰ ਲਿੰਕ ਕਰਨ, ਤਾਂ ਜੋ ਉਹ ਵਿਭਾਗ ਨਾਲ ਸਿੱਧਾ ਸੰਪਰਕ ਕਰ ਸਕਣ ਅਤੇ ਕਿਸੇ ਵੀ ਅਹਿਮ ਡੈੱਡਲਾਈਨ ਨੂੰ ਖੁੰਝਣ ਤੋਂ ਬਚ ਸਕਣ। ਮਾਹਰਾਂ ਨੇ ਇਹ ਵੀ ਦੱਸਿਆ ਕਿ ਟਰੱਸਟ ਅਕਾਊਂਟ ਵਿੱਚ ਜਮ੍ਹਾਂ ਗਾਹਕਾਂ ਦਾ ਪੈਸਾ ਸੁਰੱਖਿਅਤ ਹੋ ਸਕਦਾ ਹੈ, ਜਿਸ ਲਈ ਨਵੇਂ ਵਕੀਲ ਰਾਹੀਂ ਲਿਕਵੀਡੇਟਰ (LangdonGrant) ਜਾਂ Victorian Legal Services Board ਨਾਲ ਸੰਪਰਕ ਕੀਤਾ ਜਾ ਸਕਦਾ ਹੈ।
