ਮੈਲਬਰਨ : ਆਸਟ੍ਰੇਲੀਆ ਦੇ Department of Home Affairs ਦੇ ਅਧੀਨ ਕੰਮ ਕਰਨ ਵਾਲੀ ਸੰਸਥਾ OMARA (Office of the Migration Agents Registration Authority) ਵੱਲੋਂ ਇੱਕ ਅਹਿਮ ਫੈਸਲਾ ਸੁਣਾਉਂਦੇ ਹੋਏ ਰਜਿਸਟਰਡ ਮਾਈਗ੍ਰੇਸ਼ਨ ਏਜੰਟ, ਰੁਪਿੰਦਰ ਕੌਰ (MARN 1791857), ਨੂੰ ਅਧਿਕਾਰਤ ਤੌਰ ’ਤੇ ਚੇਤਾਵਨੀ (Caution) ਜਾਰੀ ਕੀਤੀ ਗਈ ਹੈ। ਇਹ ਕਾਰਵਾਈ 1 ਜੂਨ 2026 ਨੂੰ ਇੱਕ ਸ਼ਿਕਾਇਤ ਦੀ ਲੰਮੀ ਜਾਂਚ ਤੋਂ ਬਾਅਦ ਕੀਤੀ ਗਈ।
ਇਹ ਮਾਮਲਾ ਸਾਲ 2019 ਵਿੱਚ ਉਦੋਂ ਸ਼ੁਰੂ ਹੋਇਆ ਸੀ ਜਦੋਂ Department ਵੱਲੋਂ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਸੀ। ਦੋਸ਼ ਸਨ ਕਿ ਰੁਪਿੰਦਰ ਕੌਰ ਨੇ ਇੱਕ ਬਿਜ਼ਨਸ ਮਾਲਕ ਦੀ ਜਾਣਕਾਰੀ ਜਾਂ ਹਦਾਇਤਾਂ ਤੋਂ ਬਿਨਾਂ ਹੀ ਇੱਕ RSMS (Regional Sponsored Migration Scheme) ਨਾਮਜ਼ਦਗੀ ਅਤੇ ਵੀਜ਼ਾ ਅਰਜ਼ੀ ਦਾਖਲ ਕਰ ਦਿੱਤੀ ਸੀ। ਜਾਂਚ ਦੌਰਾਨ ਬਿਜ਼ਨਸ ਮਾਲਕ ਨੇ ਦੱਸਿਆ ਕਿ ਉਹ ਇਸ ਅਰਜ਼ੀ ਜਾਂ ਸਬੰਧਤ ਵੀਜ਼ਾ ਬਿਨੈਕਾਰ ਤੋਂ ਬਿਲਕੁਲ ਅਣਜਾਣ ਸੀ।
ਰੁਪਿੰਦਰ ਕੌਰ ਨੇ ਮੰਨਿਆ ਕਿ ਉਨ੍ਹਾਂ ਨੇ ਇੱਕ ਥਰਡ-ਪਾਰਟੀ ਰਿਕਰੂਟਮੈਂਟ ਕੰਸਲਟੈਂਟ ‘ਤੇ ਭਰੋਸਾ ਕੀਤਾ ਸੀ, ਜੋ ਕਿ 2025 ਵਿੱਚ ਮਾਈਗ੍ਰੇਸ਼ਨ ਫਰਾਡ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਜਾ ਚੁੱਕਾ ਹੈ। ਏਜੰਟ ਨੇ ਲਿਖਤੀ ਹਦਾਇਤਾਂ ਨਾ ਲੈਣ, ਪ੍ਰੋਪਰ ਫਾਈਲ ਨੋਟਸ ਅਤੇ ਸਰਵਿਸ ਐਗਰੀਮੈਂਟ ਨਾ ਬਣਾਉਣ ਦੀ ਗਲਤੀ ਸਵੀਕਾਰ ਕੀਤੀ।
OMARA ਨੇ ਏਜੰਟ ਦੇ ਸਹਿਯੋਗ ਅਤੇ ਪਛਤਾਵੇ ਨੂੰ ਧਿਆਨ ਵਿੱਚ ਰੱਖਦੇ ਹੋਏ, ਉਨ੍ਹਾਂ ਦੇ ਰਜਿਸਟਰ ‘ਤੇ ਤਿੰਨ ਮਹੀਨਿਆਂ ਲਈ ਇਹ ਚੇਤਾਵਨੀ ਦਰਜ ਰੱਖਣ ਦਾ ਫੈਸਲਾ ਕੀਤਾ ਹੈ। ਫਿਲਹਾਲ ਉਨ੍ਹਾਂ ‘ਤੇ ਕੋਈ ਹੋਰ ਸਖ਼ਤ ਸ਼ਰਤ ਨਹੀਂ ਲਗਾਈ ਗਈ।
