ਮੈਲਬਰਨ : ਆਸਟ੍ਰੇਲੀਆ ਦੇ ਮੈਲਬਰਨ, ਸਿਡਨੀ ਅਤੇ ਪਰਥ ਵਿੱਚ Anzac Day ਦੇ ਸਵੇਰੇ ਸਮਾਰੋਹਾਂ ਦੌਰਾਨ ਆਸਟ੍ਰੇਲੀਆ ਦੇ ਮੂਲਵਾਸੀ ਫ਼ੌਜੀਆਂ ਵੱਲੋਂ ‘ਵੈਲਕਮ ਟੂ ਕੰਟਰੀ’ ਭਾਸ਼ਣਾਂ ਨੂੰ ਕੁਝ ਲੋਕਾਂ ਵੱਲੋਂ Booing (ਨਾਰਾਜ਼ਗੀ ਦੀ ਉੱਚੀ ਨਾਅਰੇਬਾਜ਼ੀ) ਅਤੇ ਵਿਰੋਧੀ ਨਾਅਰੇਬਾਜ਼ੀ ਦਾ ਸਾਹਮਣਾ ਕਰਨਾ ਪਿਆ। ਇਸ ਘਟਨਾ ਦੀ ਸਿਆਸੀ ਆਗੂਆਂ, ਫੌਜੀ ਅਧਿਕਾਰੀਆਂ ਅਤੇ ਜਨਤਾ ਨੇ ਤਿੱਖੀ ਨਿੰਦਾ ਕੀਤੀ ਹੈ।
ਮੈਲਬਰਨ ਦੇ ਸ਼੍ਰਾਈਨ ਆਫ ਰਿਮੈਂਬਰੈਂਸ ’ਤੇ ਬੁਨੁਰੋਂਗ ਬਜ਼ੁਰਗ ਅੰਕਲ ਮਾਰਕ ਬ੍ਰਾਊਨ ਦੇ ਸੰਬੋਧਨ ਦੌਰਾਨ Booing ਸੁਣੀ ਗਈ। ਸਿਡਨੀ ਵਿੱਚ ਪਾਸਟਰ ਰੇ ਮਿਨੀਕਾਨ ਨੂੰ ਵੀ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਨੇ ਦਰਸ਼ਕਾਂ ਨੂੰ ਆਦਰ ਦਿਖਾਉਣ ਦੀ ਅਪੀਲ ਕੀਤੀ। ਪਰਥ ਵਿੱਚ ਐਲਡਰ ਡਾਈ ਰਾਈਡਰ ਦੇ ਭਾਸ਼ਣ ਦੌਰਾਨ ਵੀ ਕੁਝ ਲੋਕਾਂ ਨੇ Booing ਕੀਤੀ।
ਇਸ ਵਰਤਾਅ ਨੂੰ ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਨੇ “ਘਟੀਆਪਣ” ਕਿਹਾ ਅਤੇ ਕਿਹਾ ਕਿ ਇਹ ਨਾ ਸਿਰਫ਼ ਆਸਟ੍ਰੇਲੀਆ ਦੇ ਮੂਲਵਾਸੀ ਫ਼ੌਜੀਆਂ ਲਈ ਬੇਅਦਬੀ ਹੈ, ਸਗੋਂ ਉਨ੍ਹਾਂ ਸਭ ਲਈ ਜੋ ਦੇਸ਼ ਲਈ ਸ਼ਹੀਦ ਹੋਏ। ਰੱਖਿਆ ਮੰਤਰੀ ਰਿਚਰਡ ਮਾਰਲਸ ਨੇ ਇਸ ਨੂੰ “ਗੰਭੀਰ ਬੇਅਦਬੀ” ਕਰਾਰ ਦਿੱਤਾ।
ਸਿਡਨੀ ਵਿੱਚ ਇੱਕ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਵੀ ਕਰ ਲਿਆ, ਜਦਕਿ ਪਰਥ ਵਿੱਚ 10 ਲੋਕਾਂ ਨੂੰ “ਮੂਵ-ਆਨ ਨੋਟਿਸ” ਜਾਰੀ ਕੀਤੇ ਗਏ। ਆਰ.ਐਸ.ਐਲ. ਦੇ ਰਾਸ਼ਟਰੀ ਪ੍ਰਧਾਨ ਪੀਟਰ ਟਿਨਲੀ ਨੇ ਕਿਹਾ ਕਿ ਇਹ ਵਰਤਾਅ “ਅਪਮਾਨਜਨਕ” ਹੈ ਅਤੇ Anzac Day ਦੀ ਗੰਭੀਰਤਾ ਨੂੰ ਖ਼ਰਾਬ ਕਰਦਾ ਹੈ। ਹਾਲਾਂਕਿ ਜ਼ਿਆਦਾਤਰ ਦਰਸ਼ਕਾਂ ਨੇ ਤਾੜੀਆਂ ਨਾਲ Booing ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਸਮਾਰੋਹ ਦੀ ਮਰਿਆਦਾ ਬਰਕਰਾਰ ਰਹੀ।
