ਮੈਲਬਰਨ: ਆਕਲੈਂਡ- ਨਿਊਜ਼ੀਲੈਂਡ `ਚ ਪੋਕੀ ਮਸ਼ੀਨ ਗਰਾਂਟਸ ਨਾਲ ਸਬੰਧਤ 32 ਲੱਖ ਡਾਲਰ ਦੇ ਘੁਟਾਲੇ NZ Pokie Machine Fraud ਦਾ ਪਰਦਾਫਾਸ਼ ਹੋਇਆ ਹੈ। ਜਿਸ ਵਿੱਚ 23 ਮੁਲਜ਼ਮ ਸ਼ਾਮਲ ਹਨ। ਜੋ ਪੋਕੀ ਮਸ਼ੀਨਾਂ ਅਪਰੇਟ ਕਰਨ ਦੇ ਧੰਦੇ ਨਾਲ ਜੁੜੇ ਹੋਏ ਹਨ। ਜਿਨ੍ਹਾਂ ਵਿੱਚ ਪੰਜਾਬੀ ਕਾਰੋਬਾਰੀਆਂ ਦਾ ਨਾਂ ਹੋਣ ਬਾਰੇ ਵੀ ਚਰਚਾ ਚੱਲ ਰਹੀ ਹੈ। ਇਨ੍ਹਾਂ ਸਾਰਿਆਂ ਨੂੰ ਸ਼ਨੀਵਾਰ 13 ਫਰਵਰੀ ਨੂੰ ਆਕਲੈਂਡ ਡਿਸਟ੍ਰਿਕ ਕੋਰਟ `ਚ ਪੇਸ਼ ਕੀਤਾ ਗਿਆ ਸੀ ਤੇ ਅਗਲੀ ਪੇਸ਼ੀ 9 ਅਪ੍ਰੈਲ ਨੂੰ ਪਵੇਗੀ। ਜੇ ਅਦਾਲਤ `ਚ ਦੋਸ਼ ਸਾਬਤ ਹੋ ਗਏ ਤਾਂ 10 ਸਾਲ ਤੱਕ ਜੇਲ੍ਹ ਹੋ ਸਕਦੀ ਹੈ।
NZ Pokie Machine Fraud: ਵੱਖ-ਵੱਖ ਮੀਡੀਆ ਰਿਪੋਰਟਾਂ ਅਨੁਸਾਰ ਇਨ੍ਹਾਂ ਨੇ ਪੋਕੀ ਮਸ਼ੀਨਾਂ ਤੋਂ ਹੋਣ ਵਾਲੀ ਕਮਾਈ ਦਾ 40 ਪਰਸੈਂਟ ਹਿੱਸਾ ਕਮਿਊਨਿਟੀ ਨੂੰ ਵਾਪਸ ਦੇਣਾ ਹੁੰਦਾ ਹੈ। ਭਾਵ ਲੋਕ ਭਲਾਈ ਵਾਲੀਆਂ ਸੰਸਥਾਵਾਂ ਨੂੰ ਦਾਨ ਕਰਨਾ ਸੀ। ਪਰ ਇਨ੍ਹਾਂ ਨੇ ਕਥਿਤ ਤੌਰ `ਤੇ ਆਪਣੀਆਂ ਹੀ ਜਾਅਲੀ ਸੰਸਥਾਵਾਂ ਬਣਾ ਕੇ ਆਪਣੇ ਹੀ ਘਰ ਭਰ ਲਏ। ਕਰਾਈਮ ਐਕਟ `ਤੇ ਇਨ੍ਹਾਂ ਮੁਲਜ਼ਮਾਂ `ਤੇ 500 ਤੋਂ ਵੱਧ ਤਰ੍ਹਾਂ ਦੇ ਦੋਸ਼ ਲੱਗੇ ਹਨ।
ਨਿਊਜ਼ੀਲੈਂਡ ਦੇ Department of Internal Affairs ਦੇ ਗੈਂਬਲਿੰਗ ਡਾਇਰੈਕਟਰ ਵਿੱਕੀ ਸਕੌਟ ਅਨੁਸਾਰ ਇਹ ਕੇਸ ਹੁਣ ਤੱਕ ਦਾ ਸਭ ਤੋਂ ਵੱਡਾ ਤੇ ਗੁੰਝਲਦਾਰ ਕੇਸ ਹੈ। ਉਨ੍ਹਾਂ ਦੱਸਿਆ ਕਿ ਗੈਂਬਲਿੰਗ ਐਕਟ ਅਨੁਸਾਰ ਕਲਾਸ 4 ਪੋਕੀ ਮਸ਼ੀਨ ਅਪਰੇਟਰਾਂ ਲਈ ਇਹ ਜ਼ਰੂਰੀ ਹੈ ਕਿ ਇਨ੍ਹਾਂ ਮਸ਼ੀਨਾਂ ਤੋਂ ਜੋ ਕਮਾਈ ਹੁੰਦੀ ਹੈ, ਉਸਦਾ 40 ਫੀਸਦ ਹਿੱਸਾ ਚੈਰਿਟੀ ਨਾਲ ਚੱਲਣ ਵਾਲੀਆਂ ਸੰਸਥਾਵਾਂ ਨੂੰ ਦਾਨ ਕਰਨਾ ਜ਼ਰੂਰੀ ਹੁੰਦਾ ਹੈ। ਪਰ ਇਨ੍ਹਾਂ ਨੇ ਚੈਰਿਟੀ ਸੰਸਥਾਵਾਂ ਨੂੰ ਦੇਣ ਦੀ ਥਾਂ ਆਪਣੀਆਂ ਹੀ ਜਾਅਲੀ ਸੰਸਥਾਵਾਂ ਬਣਾ ਕੇ ਉਨ੍ਹਾਂ ਨੂੰ ਦਾਨ ਦੇਣ ਦੀ ਖਾਨਾਪੂਰਤੀ ਕਰ ਦਿੱਤੀ। ਉਨ੍ਹਾਂ ਵੱਲੋਂ ਬਣਾਈਆਂ ਜਾਅਲੀ ਸੰਸਥਾਵਾਂ ਦਾ ਮਕਸਦ ਇੱਕ ਹੱਥੋਂ ਦੇ ਕੇ ਦੂਜੇ ਹੱਥ ਵਾਲਾ ਢਕਵੰਜ ਰਚਿਆ ਗਿਆ ਸੀ। ਇਨ੍ਹਾਂ ਨੇ ਆਪਣੇ ਵਰਕਰ ਵੀ ਜਾਅਲੀ ਹੀ ਬਣਾਏ ਹੋਏ ਸਨ, ਜਿਨ੍ਹਾਂ ਨੂੰ ਤਨਖ਼ਾਹਾਂ ਦੇ ਰੂਪ `ਚ ਇਹ ਧਨ ਦਿੱਤਾ ਗਿਆ ਸੀ।
ਅਦਾਲਤ ਨੇ ਅਗਲੀ ਪੇਸ਼ੀ 9 ਅਪ੍ਰੈਲ 2026 ਤੱਕ ਇਨ੍ਹਾਂ ਸਾਰੇ ਮੁਲਜ਼ਮਾਂ ਦੇ ਨਾਂ “ਇਨਟਰਮ ਨੇਮ ਸੁਪਰੈਸ਼ਨ” ਹੇਠ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। ਭਾਵ ਅਗਲੀ ਪੇਸ਼ ਤੱਕ ਇਨ੍ਹਾਂ ਦੇ ਨਾਂ ਪ੍ਰਕਾਸਿ਼ਤ ਨਹੀਂ ਕੀਤੇ ਜਾ ਸਕਣਗੇ।
ਮਨੀ ਲਾਂਡਰਿੰਗ ਤਹਿਤ 7 ਸਾਲ ਤੱਕ ਕੈਦ ਅਤੇ ਫਰਜ਼ੀ ਦਸਤਾਵੇਜ਼ਾਂ ਦੀ ਵਰਤੋਂ ਕਰਨ ਵਾਲਿਆਂ ਨੂੰ 10 ਸਾਲ ਤੱਕ ਕੈਦ ਦੀ ਸਜ਼ਾ ਹੋ ਸਕਦੀ ਹੈ।





