ਬਿਲਡਰ ਵਿਰੁਧ TikTok ਪੋਸਟ ਪਈ ਮਹਿੰਗੀ, ਮੈਲਬਰਨ ਦੇ ਗੁਰਵਿੰਦਰਪਾਲ ਸਿੰਘ ਨੂੰ ਹੋ ਸਕਦੈ 1 ਮਿਲੀਅਨ ਡਾਲਰ ਦਾ ਜੁਰਮਾਨਾ

Sea7 Australia Team
2 Min Read

ਮੈਲਬਰਨ : ਪੰਜਾਬੀ ਮੂਲ ਦੇ ਗੁਰਵਿੰਦਰਪਾਲ ਸਿੰਘ ਨੂੰ ਸੋਸ਼ਲ ਮੀਡੀਆ ’ਤੇ ਪਾਈਆਂ ਪੋਸਟਾਂ ਉਦੋਂ ਮਹਿੰਗੀਆਂ ਪੈ ਗਈਆਂ ਜਦੋਂ ਅਦਾਲਤ ’ਚ ਉਸ ਨੂੰ ਇੱਕ ਬਿਲਡਰ ਵਿਰੁਧ ਮਾਣਹਾਨੀ ਦੇ ਕੇਸ ’ਚ ਦੋਸ਼ੀ ਠਹਿਰਾਇਆ ਗਿਆ। ਕਾਊਂਟੀ ਕੋਰਟ ਦੀ ਜਿਊਰੀ ਨੇ ਪਾਇਆ ਹੈ ਕਿ ਮੈਲਬਰਨ ਦੇ ਰਹਿਣ ਵਾਲੇ ਗੁਰਵਿੰਦਰਪਾਲ ਸਿੰਘ ਨੇ ਵਾਇਰਲ TikTok ਅਤੇ ਫੇਸਬੁੱਕ ਪੋਸਟਾਂ ਰਾਹੀਂ ਬਿਲਡਰ ‘ਸਿੰਘ ਹੋਮਜ਼’ ਨੂੰ ਬਦਨਾਮ ਕੀਤਾ ਸੀ। ਆਪਣੀ ਪੋਸਟ ’ਚ ਉਸ ਨੇ ‘ਸਿੰਘ ਹੋਮਜ਼’ ਵਿਰੁਧ ਇਨਸੋਲਵੈਂਸੀ ਦੇ ਝੂਠੇ ਦਾਅਵੇ ਅਤੇ ਹੋਰ ਗੁੰਮਰਾਹਕੁੰਨ ਦੋਸ਼ ਸ਼ਾਮਲ ਕੀਤੇ ਸਨ। ਉਸ ਨੂੰ 1 ਮਿਲੀਅਨ ਡਾਲਰ ਤਕ ਦਾ ਜੁਰਮਾਨਾ ਹੋ ਸਕਦਾ ਹੈ।

ਕਾਨੂੰਨੀ ਮਾਹਰਾਂ ਅਨੁਸਾਰ ਸ਼ਾਇਦ ਇਹ ਪਹਿਲੀ ਵਾਰ ਹੈ ਕਿ ਆਸਟ੍ਰੇਲੀਆ ਵਿਚ TikTok ਨਾਲ ਜੁੜੀ ਖਤਰਨਾਕ ਸੋਸ਼ਲ ਮੀਡੀਆ ਮੁਹਿੰਮ ਦੇ ਮਾਮਲੇ ’ਚ ਕਿਸੇ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਮੁਆਵਜ਼ੇ ਬਾਰੇ ਅੰਤਿਮ ਫੈਸਲਾ ਅਗਸਤ ਵਿੱਚ ਕੀਤਾ ਜਾਵੇਗਾ।

ਦਰਅਸਲ ‘ਸਿੰਘ ਹੋਮਜ਼’ ਦਾ ਕਹਿਣਾ ਹੈ ਕਿ ਗੁਰਵਿੰਦਰਪਾਲ ਨੇ ਉਨ੍ਹਾਂ ਦੀ ਬਕਾਇਆ ਰਕਮ ਦਾ ਭੁਗਤਾਨ ਨਹੀਂ ਕੀਤਾ ਸੀ ਜਿਸ ਕਾਰਨ ਉਸ ਦੇ ਬਿਲਡਿੰਗ ਇਕਰਾਰਨਾਮੇ ਨੂੰ ਖਤਮ ਕਰ ਦਿੱਤਾ ਗਿਆ ਸੀ। ਬਦਲਾ ਲੈਣ ਲਈ ਗੁਰਵਿੰਦਰਪਾਲ ਨੇ ‘ਸਿੰਘ ਹੋਮਜ਼’ ਦੀ ਸੋਸ਼ਲ ਮੀਡੀਆ ’ਤੇ ਬਦਨਾਮੀ ਸ਼ੁਰੂ ਕਰ ਦਿੱਤੀ। TikTok ’ਤੇ ਉਸ ਦੀ ਇਸ ਪੋਸਟ ਨੂੰ 220,000 ਵਾਰੀ ਵੇਖਿਆ ਗਿਆ। ਜਿਊਰੀ ਨੇ ਆਪਣੇ ਫ਼ੈਸਲੇ ’ਚ ਕਿਹਾ ਕਿ ਇਹ ਕਾਰਵਾਈਆਂ ਖਤਰਨਾਕ ਸਨ ਅਤੇ ਫਰਮ ਦੇ ਵੱਕਾਰ ਨੂੰ ਨੁਕਸਾਨ ਪਹੁੰਚਾਉਂਦੀਆਂ ਸਨ। ਬਾਅਦ ’ਚ ਵੀਡੀਓ ਨੂੰ ਹਟਾ ਦਿੱਤਾ ਗਿਆ ਸੀ।

‘ਸਿੰਘ ਹੋਮਜ਼’ ਦੇ ਮੈਨੇਜਿੰਗ ਡਾਇਰੈਕਟਰ ਦਮਨ ਆਨੰਦ ਨੇ ਇਸ ਫੈਸਲੇ ‘ਤੇ ਰਾਹਤ ਜ਼ਾਹਰ ਕਰਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਦੀਆਂ ਸੇਵਾਵਾਂ ‘ਚ ਲੋਕਾਂ ਦਾ ਭਰੋਸਾ ਬਹਾਲ ਕਰਨ ‘ਚ ਮਦਦ ਮਿਲ ਸਕਦੀ ਹੈ। 16 ਸਾਲਾਂ ਤੋਂ ਕੰਮ ਕਰ ਰਹੇ ਅਤੇ ਕਈ ਪੁਰਸਕਾਰ ਪ੍ਰਾਪਤ ਕਰਨ ਵਾਲੇ ਬਿਲਡਰ ਨੇ ਕਿਹਾ ਕਿ ਨੁਕਸਾਨਦੇਹ ਪੋਸਟਾਂ ਕਾਰਨ ਉਨ੍ਹਾਂ ਦੇ ਕਈ ਗਾਹਕ ਉਨ੍ਹਾਂ ਤੋਂ ਟੁੱਟ ਗਏ।

Share This Article