ਮੈਲਬਰਨ: ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਬਹੁਤ ਸਾਰੇ ਟੈਂਪਰੇਰੀ ਪ੍ਰਵਾਸੀ ਅਪਰਾਧਾਂ ’ਚ ਸ਼ਾਮਲ ਹੋ ਰਹੇ ਹਨ, ਪਰ ਉਨ੍ਹਾਂ ਨੂੰ ਇਸ ਕਾਰਨ ਆਪਣੀ ਇਮੀਗ੍ਰੇਸ਼ਨ ਦੀ ਸਥਿਤੀ ‘ਤੇ ਪੈਣ ਵਾਲੇ ਬੁਰੇ ਅਸਰ ਦਾ ਪਤਾ ਨਹੀਂ ਹੁੰਦਾ। MBIE ਦੇ ਜਨਰਲ ਮੈਨੇਜਰ ਇਮੀਗ੍ਰੇਸ਼ਨ ਕੰਪਲਾਇੰਸ ਐਂਡ ਇਨਵੈਸਟੀਗੇਸ਼ਨ ਸਟੀਵ ਵਾਟਸਨ ਦਾ ਕਹਿਣਾ ਹੈ ਕਿ ਜਿਸ ਚੀਜ਼ ਨੂੰ ਕਿਸੇ ਪ੍ਰਵਾਸੀ ਦੇ ਦੇਸ਼ ਵਿੱਚ ਇੱਕ ਛੋਟਾ ਜਿਹਾ ਜੁਰਮ ਜਾਂ ਦੁਰਵਿਵਹਾਰ ਮੰਨਿਆ ਜਾ ਸਕਦਾ ਹੈ, ਉਸ ਦੇ ਇੱਥੇ ਗੰਭੀਰ ਨਤੀਜੇ ਹੋ ਸਕਦੇ ਹਨ। ਅਜਿਹੇ ਅਪਰਾਧ ਕਰਨ ਵਾਲੇ ਪ੍ਰਵਾਸੀਆਂ ਨੂੰ ਨਿਊਜ਼ੀਲੈਂਡ ਤੋਂ ਡੀਪੋਰਟ ਕੀਤਾ ਜਾ ਸਕਦਾ ਹੈ।
ਗੰਭੀਰ ਅਪਰਾਧਿਕ ਅਪਰਾਧੀਆਂ ਲਈ, ਇਹ ਅਕਸਰ ਇਕੋ-ਇਕ ਬਦਲ ਹੁੰਦਾ ਹੈ, ਇਕ ਵਾਰ ਜਦੋਂ ਉਨ੍ਹਾਂ ਦੀ ਹਿਰਾਸਤੀ ਸਜ਼ਾ ਪੂਰੀ ਹੋ ਜਾਂਦੀ ਹੈ ਤਾਂ ਉਨ੍ਹਾਂ ਨੂੰ ਡੀਪੋਰਟ ਕਰ ਦਿੱਤਾ ਜਾਂਦਾ ਹੈ। ਵਾਟਸਨ ਦਾ ਕਹਿਣਾ ਹੈ ਕਿ ਦੇਸ਼ ਭਰ ਦੇ ਕੁਝ ਖੇਤਰਾਂ ਵਿੱਚ ਨਿਰਮਾਣ, ਸੈਰ-ਸਪਾਟਾ ਅਤੇ ਹੋਸਪੀਟੈਲਿਟੀ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਵੱਧ ਰਹੀ ਗਿਣਤੀ ਨੂੰ ਸ਼ਰਾਬ ਨਾਲ ਸਬੰਧਤ ਦੋਸ਼ਾਂ ਅਤੇ ਅਦਾਲਤ ਵਿੱਚ ਪੇਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਸੰਦੇਸ਼ ਦਿੰਦਿਆਂ ਕਿਹਾ, ‘‘ਹਾਲਾਂਕਿ, ਇਮੀਗ੍ਰੇਸ਼ਨ ਅਧਿਕਾਰੀ ਦੇਸ਼ ਨਿਕਾਲੇ ਦਾ ਫੈਸਲਾ ਕਿਸੇ ਵਿਅਕਤੀ ਦੇ ਹਾਲਾਤਾਂ ਦੀ ਪੂਰੀ ਤਸਵੀਰ ਨੂੰ ਵੇਖ ਕੇ ਕੀਤਾ ਜਾਂਦਾ ਹੈ।’’