ਮੈਲਬਰਨ: ਆਸਟ੍ਰੇਲੀਆ ਦੇ ਐਸਟੈਲਾ ਵਾਸੀ ਦੀਪਕ ਚੋਪੜਾ ਵਿਰੁਧ ਇੰਡੀਆ ਦੇ ਸਟੇਟ ਹਰਿਆਣਾ ਦੇ ਜ਼ਿਲ੍ਹੇ ਯਮੁਨਾਨਗਰ ਦੀ ਪੁਲਿਸ ਨੇ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਯਮੁਨਾਨਗਰ ਦੇ ਰਾਦੌਰ ਦੀ ਸ਼ਿਵ ਕਲੋਨੀ ਦੇ ਰਹਿਣ ਵਾਲੇ ਤਿਲਕ ਰਾਜ ਨੇ ਦੀਪਕ ਚੋਪੜਾ ’ਤੇ 5.84 ਲੱਖ ਰੁਪਏ ਦੀ ਠੱਗੀ ਮਾਰਨ ਦਾ ਇਲਜ਼ਾਮ ਲਾਇਆ ਹੈ। ਮੁਲਜ਼ਮ ਦੀਪਕ ਚੋਪੜਾ ਮੂਲ ਰੂਪ ’ਚ ਜਨਕਪੁਰੀ, ਦਿੱਲੀ ਦਾ ਵਾਸੀ ਹੈ ਜੋ ਦੋਸ਼ੀ ਫਿਲਹਾਲ ਆਸਟ੍ਰੇਲੀਆ ‘ਚ ਰਹਿੰਦਾ ਹੈ। ਤਿਲਕ ਰਾਜ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਇਕ ਸਾਲ ਪਹਿਲਾਂ ਉਸ ਦੀ ਮੁਲਾਕਾਤ ਦੀਪਕ ਚੋਪੜਾ ਨਾਲ ਹੋਈ ਸੀ। ਮੁਲਜ਼ਮ ਨੇ ਉਸ ਨੂੰ ਆਸਟ੍ਰੇਲੀਆ ਜਾਣ ਅਤੇ ਚੰਗੇ ਪੈਸੇ ਕਮਾਉਣ ਦਾ ਲਾਲਚ ਦਿੱਤਾ। ਵੀਜ਼ਾ ਲਗਵਾਉਣ ਲਈ ਮੁਲਜ਼ਮ ਨੇ ਉਸ ਤੋਂ 5.84 ਲੱਖ ਰੁਪਏ ਅਤੇ ਦਸਤਾਵੇਜ਼ ਲੈ ਲਏ। ਪੈਸੇ ਲੈਣ ਤੋਂ ਬਾਅਦ ਅਗਸਤ 2023 ‘ਚ ਮੁਲਜ਼ਮ ਨੇ ਉਸ ਨੂੰ ਫੋਨ ਕੀਤਾ ਅਤੇ ਦੱਸਿਆ ਕਿ ਉਸ ਦਾ ਵੀਜ਼ਾ ਮਿਲ ਗਿਆ ਹੈ ਅਤੇ ਉਹ ਆਸਟ੍ਰੇਲੀਆ ਦੀ ਟਿਕਟ ਖ਼ਰੀਦ ਲਵੇ। ਪਰ ਟਿਕਟ ਖ਼ਰੀਦਣ ਤੋਂ ਬਾਅਦ ਵੀ ਉਸ ਕੋਲ ਕੋਈ ਵੀਜ਼ਾ ਨਹੀਂ ਮਿਲਿਆ ਸੀ। ਜਦੋਂ ਉਸ ਨੇ ਇਸ ਬਾਰੇ ਮੁਲਜ਼ਮ ਨਾਲ ਗੱਲ ਕੀਤੀ ਤਾਂ ਉਸ ਨੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਅਤੇ ਪੈਸੇ ਵਾਪਸ ਦੇਣ ਤੋਂ ਵੀ ਇਨਕਾਰ ਕਰ ਦਿੱਤਾ।